GST ਵਿਭਾਗ ਵੱਲੋਂ CCTV ਕੈਮਰਾ ਕਾਰੋਬਾਰੀ ਦੀ ਜਾਂਚ, 7 ਫਰਮਾਂ ਦੀ ਚੈਕਿੰਗ ਦੌਰਾਨ 4 ਨਿਕਲੀਆਂ ਜਾਅਲੀ
Monday, May 16, 2022 - 08:21 PM (IST)
ਲੁਧਿਆਣਾ (ਸੇਠੀ)-ਸੂਬਾਈ ਜੀ. ਐੱਸ. ਟੀ. ਵਿਭਾਗ ਦੇ ਜ਼ਿਲ੍ਹਾ-2 ਦੀ ਟੀਮ ਵੱਲੋਂ ਮਹਾਨਗਰ ਦੇ ਇਕ ਸੀ. ਸੀ. ਟੀ. ਵੀ. ਕੈਮਰਾ ਕਾਰੋਬਾਰੀ ਦੇ ਸਥਾਨਕ ਕੋਚਰ ਮਾਰਕੀਟ ਕੰਪਲੈਕਸ ’ਚ ਜਾਂਚ ਕੀਤੀ ਗਈ | ਇਹ ਕਾਰਵਾਈ ਪੰਜਾਬ ਟੈਕਸ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ, ਜਦਕਿ ਇਸ ਕਾਰਵਾਈ ਦੀ ਅਗਵਾਈ ਸਹਾਇਕ ਕਮਿਸ਼ਨਰ ਲੁਧਿਆਣਾ-2 ਸ਼ਾਇਨੀ ਸਿੰਘ ਨੇ ਕੀਤੀ, ਜਿਨ੍ਹਾਂ ’ਚ ਸਟੇਟ ਟੈਕਸ ਅਫ਼ਸਰ ਧਰਮਿੰਦਰ ਕੁਮਾਰ, ਰਿਤੂਰਾਜ ਸਿੰਘ ਅਤੇ ਇੰਸਪੈਕਟਰ ਰਿਸ਼ੀ ਵਰਮਾ, ਪ੍ਰੇਮਜੀਤ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ ਵੀ ਸ਼ਾਮਲ ਰਹੇ। ਜ਼ਿਕਰਯੋਗ ਹੈ ਕਿ ਇਹ ਕਾਰਵਾਈ ਵਿਕਰੀ ਨੂੰ ਦਬਾ ਕੇ ਟਰਨਓਵਰ ਘੱਟ ਦਿਖਾ ਕੇ ਟੈਕਸ ਚੋਰੀ ਦੇ ਖ਼ਦਸ਼ੇ ’ਚ ਕੀਤੀ ਗਈ ਹੈ, ਜਿਸ ’ਚ ਅਧਿਕਾਰੀਆਂ ਨੇ ਵਿਕਰੀ ਨੂੰ ਦਬਾਉਣ ਸਬੰਧੀ ਕਾਰਵਾਈ ਦੌਰਾਨ ਸਬੰਧਤ ਦਸਤਾਵੇਜ਼ ਜ਼ਬਤ ਕਰ ਲਏ ਹਨ। ਇਹ ਜਾਂਚ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਐਕਟ, 2017 ਦੇ ਤਹਿਤ ਨਿਰਧਾਰਤ ਪ੍ਰਕਿਰਿਆ ਦਾ ਪਾਲਣ ਕਰਦਿਆਂ ਕੀਤੀ ਗਈ।
ਮਹਾਨਗਰ ਦੀਆਂ 7 ਫਰਮਾਂ ’ਤੇ ‘ਸੈਕਸ਼ਨ 71’ ਤਹਿਤ ਕਾਰਵਾਈ
ਲੁਧਿਆਣਾ-2 ਵੱਲੋਂ ਅੰਡਰ ਸੈਕਸ਼ਨ 71 ਆਫ ਸਟੇਟ ਜੀ. ਐੱਸ. ਟੀ. ਐਕਟ 2017 ਤਹਿਤ ਵੱਖ-ਵੱਖ ਕਾਰੋਬਾਰੀਆਂ ਦੀ ਚੈਕਿੰਗ ਕੀਤੀ ਗਈ। ਇਹ ਚੈਕਿੰਗ ਜਾਅਲੀ ਡੀਲਰਾਂ ਨੂੰ ਨੱਥ ਪਾਉਣ ਦੀ ਪ੍ਰਕਿਰਿਆ ਦੇ ਅਨੁਸਾਰ ਕੀਤੀ ਗਈ, ਜੋ ਸੂਬੇ ਦੇ ਖਜ਼ਾਨੇ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਸਨ। ਇਸ ਸਬੰਧੀ ਸਹਾਇਕ ਕਮਿਸ਼ਨਰ ਲੁਧਿਆਣਾ-2 ਸ਼ਾਇਨੀ ਸਿੰਘ ਨੇ ਦੱਸਿਆ ਕਿ ਸੱਤ ਅਦਾਰਿਆਂ ’ਚ ਚੈਕਿੰਗ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਕਿ ਚਾਰ ਫਰਮਾਂ, ਜਿਨ੍ਹਾਂ ’ਚ ਐਲੂਮੀਨੀਅਮ ਸਕਰੈਪ, ਆਇਰਨ ਸਕਰੈਪ ਅਤੇ ਰੈਡੀਮੇਡ ਗਾਰਮੈਂਟਸ ਫਰਮਾਂ ਗ਼ੈਰ-ਮੌਜੂਦ ਪਾਈਆਂ ਗਈਆਂ। ਸੂਬੇ ਦੇ ਅਧਿਕਾਰੀਆਂ ਵੱਲੋਂ ਟੈਕਸ ਦੀ ਵਸੂਲੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਤਿੰਨ ਫਰਮਾਂ ਕੇਂਦਰੀ ਜੀ.ਐੱਸ.ਟੀ. ਦੇ ਅਧਿਕਾਰ ਖੇਤਰ ਨਾਲ ਸਬੰਧਿਤ ਹਨ ਅਤੇ ਅਗਲੀ ਲੋੜੀਂਦੀ ਕਾਰਵਾਈ ਲਈ ਕੇਂਦਰੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ।