ਮਾਮਲਾ ਮੁਲਾਜ਼ਮਾਂ ਦੀ ਘਾਟ ਦਾ, ਕਿਸਾਨਾਂ ਨੇ ਬੈਂਕ ਘੇਰ ਕੇ ਕੀਤੀ ਨਾਅਰੇਬਾਜ਼ੀ

05/06/2018 12:50:03 PM

ਮਾਨਸਾ (ਮਿੱਤਲ)-ਸਟੇਟ ਬੈਂਕ ਆਫ ਇੰਡੀਆ ਬਰਾਂਚ ਭੈਣੀ ਬਾਘਾ ਵਿਚ ਮੁਲਾਜ਼ਮਾਂ ਦੀ ਗਿਣਤੀ ਪੂਰੀ ਨਾ ਕਰਨ ਦੇ ਰੋਸ 'ਚ ਅੱਜ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬੈਂਕ ਦਾ ਘਿਰਾਓ ਕਰ ਕੇ ਬੈਂਕ ਦੇ ਉੱਚ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਐੱਸ. ਬੀ. ਆਈ. ਬ੍ਰਾਂਚ ਭੈਣੀ ਬਾਘਾ ਸਮੇਤ ਕੁੱਲ ਦਸ ਪਿੰਡਾਂ ਦੇ ਲੋਕ ਬੈਂਕ ਨਾਲ ਲੈਣ-ਦੇਣ ਕਰਦੇ ਹਨ ਪਰ ਬੈਂਕ 'ਚ ਮੁਲਾਜ਼ਮ ਸਿਰਫ ਦੋ ਹੀ ਹਨ, ਜਿਸ ਕਰ ਕੇ ਲੋਕਾਂ ਨੂੰ ਬੈਂਕ 'ਚ ਪੈਸੇ ਕਢਵਾਉਣ ਜਾਂ ਜਮ੍ਹਾ ਕਰਾਉਣ ਲਈ ਭੁੱਖਣ-ਭਾਣੇ ਲਾਈਨਾਂ 'ਚ ਖੜ੍ਹਨਾ ਪੈਂਦਾ ਹੈ ਬਹੁਤਿਆਂ ਨੂੰ ਦੋ-ਦੋ ਦਿਨ ਵੀ ਲੱਗ ਜਾਂਦੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਜਦੋਂ ਬਰਾਂਚ ਚਾਲੂ ਕੀਤੀ ਗਈ ਸੀ, ਉਦੋਂ ਇੱਕਲੇ ਭੈਣੀ ਬਾਘਾ ਦੇ ਲੋਕ ਹੀ ਬੈਂਕ ਨਾਲ ਲੈਣ-ਦੇਣ ਕਰਦੇ ਸਨ। ਉਸ ਸਮੇਂ 9 ਮੁਲਾਜ਼ਮ ਕੰਮ ਕਰਦੇ ਸਨ ਪਰ ਹੁਣ ਪਿੰਡਾਂ ਦੀ ਗਿਣਤੀ ਵਧ ਕੇ ਦਸ ਹੋ ਗਈ ਹੈ ਅਤੇ ਮੁਲਾਜ਼ਮ ਸਿਰਫ ਦੋ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਲੱਖਾਂ ਨੌਜਵਾਨ ਬੇਰੋਜ਼ਗਾਰ ਫਿਰਦੇ ਹਨ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਦਾਰਿਆਂ 'ਚ ਮੁਲਾਜ਼ਮਾਂ ਦੀ ਗਿਣਤੀ ਨਾ ਮਾਤਰ ਹੈ। ਪੂਰੇ ਦੇਸ਼ 'ਚ ਇੱਕਲੇ ਐੱਸ. ਬੀ. ਆਈ. ਬੈਂਕਾਂ 'ਚ ਘੱਟੋ-ਘੱਟ ਇੱਕ ਲੱਖ ਕਲਰਕਾਂ ਦੀ ਲੋੜ ਹੈ, ਜਿਸ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਪਰ ਮੋਦੀ ਸਰਕਾਰ ਅਜਿਹਾ ਨਹੀਂ ਕਰ ਰਹੀ ਕਿਉਂਕਿ ਸਰਕਾਰੀ ਬੈਂਕਾਂ ਦਾ ਨਿੱਜੀਕਰਨ ਕਰਨ ਲਈ ਪਹਿਲਾਂ ਇਨ੍ਹਾਂ ਬੈਂਕਾਂ ਤੋਂ ਲੋਕਾਂ ਦਾ ਮੋਹ ਭੰਗ ਕਰਵਾਇਆ ਜਾ ਰਿਹਾ ਹੈ। ਕਾਫੀ ਸਮਾਂ ਚੱਲੇ ਘਿਰਾਓ ਦੌਰਾਨ ਜ਼ਿਲਾ ਮੈਨੇਜਰ ਨਿਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ 7 ਮਈ ਤੱਕ 3 ਕਲਰਕ ਬ੍ਰਾਂਚ ਭੇਜ ਦਿੱਤੇ ਜਾਣਗੇ, ਜਿਸ ਤੋਂ ਬਾਅਦ ਘਿਰਾਓ ਖਤਮ ਕੀਤਾ ਗਿਆ। ਇਸ ਮੌਕੇ ਮਹਿੰੰਦਰ ਸਿੰਘ ਰੁਮਾਣਾ, ਜਗਦੇਵ ਸਿੰਘ ਭੈਣੀ ਬਾਘਾ, ਹਰਿੰਦਰ ਸਿੰਘ ਟੋਨੀ, ਅੰਤਰ ਸਿੰਘ, ਕਮਲ ਸਿੰਘ, ਗੋਰਾ ਸਿੰਘ, ਕਾਕਾ ਸਿੰਘ, ਬਲਵੀਰ ਸਿੰਘ ਭਾਈਦੇਸਾ, ਜਰਨੈਲ ਸਿੰਘ ਬੁਰਜ ਰਾਠੀ, ਦੇਵ ਸਿੰਘ ਹਾਜ਼ਰ ਸਨ।


Related News