ਜਣੇਪੇ ਦੌਰਾਨ ਮਾਂ ਦੀ ਮੌਤ ''ਤੇ ਸਟਾਫ਼ ਦੀ ਜਵਾਬਦੇਹੀ ਹੋਵੇਗੀ ਤੈਅ : ਬਲਬੀਰ ਸਿੱਧੂ

Friday, Jan 10, 2020 - 11:15 PM (IST)

ਜਣੇਪੇ ਦੌਰਾਨ ਮਾਂ ਦੀ ਮੌਤ ''ਤੇ ਸਟਾਫ਼ ਦੀ ਜਵਾਬਦੇਹੀ ਹੋਵੇਗੀ ਤੈਅ : ਬਲਬੀਰ ਸਿੱਧੂ

ਚੰਡੀਗੜ੍ਹ, (ਭੁੱਲਰ)— ਜਣੇਪੇ ਦੌਰਾਨ ਮਾਂ ਦੀ ਮੌਤ ਹੋਣ ਦੇ ਮਾਮਲਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਅਜਿਹੇ ਹਰੇਕ ਮਾਮਲੇ ਦੀ ਡੂੰਘਾਈ ਨਾਲ ਮੈਡੀਕਲ ਜਾਂਚ ਕਰਨ ਅਤੇ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਸਟਾਫ਼ ਦੀ ਜਵਾਬਦੇਹੀ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿਹਤ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਸਾਰੇ ਜ਼ਿਲਿਆਂ ਦਾ ਮਾਈਕ੍ਰੋ ਪਲਾਨ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਸਾਰੇ ਏ. ਐੱਨ. ਐੱਮਜ਼ ਕੋਲ ਆਪਣੇ ਖੇਤਰ ਵਿਚਲੀਆਂ ਸਾਰੀਆਂ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਾਂ ਦੀ ਸੂਚੀ ਇਕ ਰਜਿਸਟਰ 'ਚ ਹੋਵੇ ਤਾਂ ਜੋ ਬੱਚੇ ਦੇ ਜਨਮ ਤੋਂ ਪਹਿਲਾਂ ਗਰਭਵਤੀ ਮਹਿਲਾਵਾਂ ਦੇ ਚੈਕਅੱਪ ਅਤੇ ਫਾਲੋਅੱਪ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੌਰਾਨ ਮਾਂ ਨੂੰ ਸਨਮਾਨਜਨਕ ਦੇਖਭਾਲ ਮੁਹੱਈਆ ਕਰਵਾਈ ਜਾਵੇ ਅਤੇ ਜ਼ਿਲਿਆਂ ਵੱਲੋਂ ਰੈਫਰਲ ਪ੍ਰੋਟੋਕੋਲ ਵੀ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐੱਸ. ਐੱਮ. ਓਜ਼ ਇਹ ਯਕੀਨੀ ਬਣਾਉਣ ਕਿ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਬਾਅਦ ਏ. ਐੱਨ. ਐੱਮਜ਼ ਗਰਭਵਤੀ ਔਰਤਾਂ ਅਤੇ ਨਵੀਆਂ ਮਾਂ ਬਣੀਆਂ ਔਰਤਾਂ ਦੇ ਘਰ ਜਾਣ।
ਦਵਾਈਆਂ ਅਤੇ ਉਪਕਰਣਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿਚ ਜ਼ਰੂਰੀ ਅਤੇ ਆਮ ਦਵਾਈਆਂ ਦੀ ਸਪਲਾਈ ਕਾਇਮ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਸਪਤਾਲ ਖਰੜ (ਮੋਹਾਲੀ), ਬਠਿੰਡਾ ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸਬੰਧਤ ਖੇਤਰੀ ਡਰੱਗ ਵੇਅਰਹਾਊਸਾਂ ਤੋਂ ਸਿੱਧੇ ਤੌਰ 'ਤੇ ਦਵਾਈਆਂ ਪ੍ਰਾਪਤ ਕਰਨ। ਸਿਹਤ ਮੰਤਰੀ ਨੇ ਕਿਹਾ ਕਿ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਦਵਾਈਆਂ ਦੀ ਉਪਲੱਬਧਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਉਨ੍ਹਾਂ ਦੇ ਸਬੰਧਤ ਹਸਪਤਾਲਾਂ ਵਿਚ ਮੁਫ਼ਤ ਦਵਾਈਆਂ ਆਸਾਨੀ ਨਾਲ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਵਾਈਆਂ ਦੀ ਮੰਗ ਨੂੰ ਪਹਿਲਾਂ ਤੋਂ ਹੀ ਆਨਲਾਈਨ ਢੰਗ ਰਾਹੀਂ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ, ਸੀ. ਈ. ਓ. ਰਾਜ ਸਿਹਤ ਏਜੰਸੀ ਕਮ ਐੱਮ. ਡੀ. ਐੱਨ. ਐੱਚ. ਐੱਮ. ਕੁਮਾਰ ਰਾਹੁਲ, ਪੀ. ਐੱਚ. ਐੱਸ. ਸੀ. ਦੇ ਐੱਮ. ਡੀ. ਮਨਵੇਸ਼ ਸਿੰਘ ਸਿੱਧੂ, ਡਾਇਰੈਕਟਰ ਪਰਿਵਾਰ ਭਲਾਈ ਡਾ. ਰੀਟਾ ਭਾਰਦਵਾਜ, ਸਿਹਤ ਮੰਤਰੀ ਦੇ ਓ. ਐੱਸ. ਡੀ. ਡਾ. ਬਲਵਿੰਦਰ ਸਿੰਘ, ਐੱਨ. ਐੱਚ. ਐੱਮ. ਦੇ ਡਾਇਰੈਕਟਰ ਪਰਵਿੰਦਰ ਪਾਲ ਸਿੰਘ ਸਿੱਧੂ, ਡਾਇਰੈਕਟਰ ਪ੍ਰੋਕਿਓਰਮੈਂਟ ਡਾ. ਰਾਜੇਸ਼ ਕੁਮਾਰ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
 


author

KamalJeet Singh

Content Editor

Related News