ਵੱਡੀ ਖ਼ਬਰ : ਬੇਅਦਬੀ ਮਾਮਲੇ ''ਚ ''ਸਿੱਟ'' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੀਤਾ ਨਾਮਜ਼ਦ

Monday, Jul 06, 2020 - 06:32 PM (IST)

ਵੱਡੀ ਖ਼ਬਰ : ਬੇਅਦਬੀ ਮਾਮਲੇ ''ਚ ''ਸਿੱਟ'' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੀਤਾ ਨਾਮਜ਼ਦ

ਫ਼ਰੀਦਕੋਟ (ਹਾਲੀ, ਰਵੀ ਬਾਂਸਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਚੋਰੀ ਕੀਤੇ ਗਏ ਸਰੂਪ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਵੀ 'ਸਿੱਟ' (ਐੱਸ. ਆਈ. ਟੀ.) ਨੇ ਨਾਮਜ਼ਦ ਕਰ ਲਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਸੁਨਾਰੀਆ ਜੇਲ ਵਿਚੋਂ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਲਏ ਜਾਣਗੇ। ਇਹ ਜਾਣਕਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਮਾਮਲੇ ਵਿਚ ਦਰਜ ਐੱਫ਼. ਆਈ. ਆਰ. ਨੰਬਰ 93 ਵਿਚ ਜਿਹੜੇ 7 ਡੇਰਾ ਪ੍ਰੇਮੀ ਗ੍ਰਿਫ਼ਤਾਰ ਕੀਤੇ ਸਨ, ਉਨ੍ਹਾਂ ਤੋਂ 2 ਦਿਨ ਹੋਈ ਪੁੱਛਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ 'ਤੇ ਡੇਰਾ ਮੁਖੀ ਸਮੇਤ ਤਿੰਨ ਹੋਰ ਡੇਰੇ ਨਾਲ ਸਬੰਧਤ ਕੌਮੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ ਹਨ ਅਤੇ ਇਨ੍ਹਾਂ 11 ਵਿਅਕਤੀਆਂ ਦੇ ਨਾਮ ਸ਼ਾਮਲ ਕਰਕੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ : ਕੋਰੋਨਾ ਕਾਰਣ ਕੈਪਟਨ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਹੁਣ ਪੰਜਾਬ 'ਚ ਐਂਟਰੀ ਲਈ ਰੱਖੀ ਇਹ ਸ਼ਰਤ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪ੍ਰੇਮੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਨ ਅਤੇ ਬੇਅਦਬੀ ਕਰਨ ਲਈ ਡੇਰੇ ਦੇ ਉੱਚ ਆਗੂਆਂ ਵੱਲੋਂ ਸੰਦੇਸ਼ ਆਉਂਦੇ ਰਹੇ ਹਨ ਅਤੇ ਇਸ ਦੇ ਆਧਾਰ 'ਤੇ ਹੀ ਉਹ ਕਾਰਵਾਈ ਕਰਦੇ ਰਹੇ ਹਨ। ਖੱਟੜਾ ਨੇ ਕਿਹਾ ਕਿ ਡੇਰਾ ਮੁਖੀ ਸਮੇਤ ਦੂਜੇ ਤਿੰਨ ਪ੍ਰਮੁੱਖ ਆਗੂਆਂ ਨੂੰ ਪੁੱਛਗਿੱਛ ਵਿਚ ਸ਼ਾਮਲ ਕਰਨ ਲਈ ਟੀਮ ਨੇ ਵੱਖ-ਵੱਖ ਪੁਲਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰਾਂ ਦੀ ਪੁੱਛਗਿੱਛ ਤੋਂ ਕਈ ਹੋਰ ਅਹਿਮ ਵਿਅਕਤੀਆਂ ਦੇ ਨਾਮ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸਿੱਟ ਦੇ ਆਗੂ ਡੀ. ਐੱਸ. ਪੀ. ਲਖਵੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਸਮੇਤ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ


author

Gurminder Singh

Content Editor

Related News