ਟੀ.ਵੀ. ''ਤੇ ਸਪਾਈਡਰ ਮੈਨ ਦੇ ਸਟੰਟ ਵੇਖ ਕੇ 10 ਸਾਲਾ ਬੱਚੇ ਨੇ ਛੱਤ ਤੋਂ ਮਾਰੀ ਛਾਲ

04/22/2019 3:53:34 PM

ਤਰਨਤਾਰਨ (ਰਾਜੂ) : ਪਹਿਲਾਂ ਪੱਬਜੀ ਗੇਮ ਨੇ ਬੱਚਿਆਂ ਦੀ ਮਾਨਸਿਕਤਾ 'ਤੇ ਡੂੰਘਾ ਪ੍ਰਭਾਵ ਪਾਇਆ ਸੀ, ਜਿਸ ਨੂੰ ਲੈ ਕੇ ਬੱਚਿਆਂ ਵਲੋਂ ਜੋ ਉਸ ਗੇਮ 'ਚ ਦਿਖਾਇਆ ਜਾਂਦਾ ਸੀ ਉਸੇ ਤਰ੍ਹਾਂ ਹੀ ਉਸ ਦੀ ਕਾਪੀ ਕਰਕੇ ਬੱਚੇ ਸਟੰਟ ਕਰਦੇ ਹੋਏ ਆਪਣੀ ਜਾਨ ਖਤਰੇ 'ਚ ਪਾ ਲੈਂਦੇ ਸੀ। ਇਹ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਨੂੰ ਲੈ ਕੇ ਤਰਨਤਾਰਨ 'ਚ ਇਕ ਦਸ ਸਾਲਾ ਬੱਚੇ ਵਲੋਂ ਛੱਤ ਤੋਂ ਛਾਲ ਮਾਰਨ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਹੈ ਤਰਨਤਾਰਨ ਦੇ ਪਿੰਡ ਸ਼ੇਖ ਦੀ। ਜਿੱਥੇ ਚੌਥੀ ਕਲਾਸ 'ਚ ਪੜ੍ਹਦੇ ਹਰਮਨਦੀਪ ਸਿੰਘ ਨੇ ਸਪਾਈਡਰ ਮੈਨ ਵਾਂਗ ਆਪਣੀਆਂ ਅੱਖਾਂ 'ਤੇ ਪੱਟੀ ਬਣ ਕੇ ਛੱਤ ਤੋਂ ਛਾਲ ਮਾਰ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ ਛੱਤ 'ਤੇ ਬਣੇ ਕਮਰੇ 'ਚ ਟੀ.ਵੀ. 'ਤੇ ਸਪਾਈਡਰ ਮੈਨ ਕਾਰਟੂਨ ਦੇਖ ਰਿਹਾ ਸੀ ਅਤੇ ਜਿਵੇਂ ਜਿਵੇਂ ਪ੍ਰੋਗਰਾਮ 'ਚ ਦਿਖਾਇਆ ਜਾ ਰਿਹਾ ਸੀ ਉਸੇ ਤਰ੍ਹਾਂ ਹੀ ਹਰਮਨਦੀਪ ਸਿੰਘ ਕਾਪੀ ਕਰ ਰਿਹਾ ਸੀ ਅਤੇ 20 ਫੁੱਟ ਦੀ ਉਚਾਈ ਤੋਂ ਡਿੱਗਣ ਤੋਂ ਬਾਅਦ ਉਸ ਦੇ ਸਿਰ ਤੋਂ ਲੈ ਕੇ ਲੱਤਾਂ ਤੱਕ ਕਾਫੀ ਹੱਡੀਆਂ ਟੁੱਟ ਗਈਆਂ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਅਸੀਂ ਬਾਹਰ ਨਿਕਲੇ ਤਾਂ ਉਹ ਲਹੂ ਲੂਹਾਣ, ਬੇਹੋਸ਼ ਪਿਆ ਸੀ, ਜਿਸ ਨੂੰ ਤੁਰੰਤ ਹੀ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਤੁਰੰਤ ਆਪ੍ਰੇਸ਼ਨ ਥਿਏਟਰ 'ਚ ਲੈ ਗਏ। ਵੱਖ ਵੱਖ ਸਪੈਸ਼ਲਿਸਟ ਡਾਕਟਰਾਂ ਵਲੋਂ ਉਸ ਦੇ ਤਿੰਨ ਆਪ੍ਰੇਸ਼ਨ ਕੀਤੇ ਗਏ। ਇਸ ਸਬੰਧੀ ਡਾਕਟਰ ਗੁਰਿੰਦਰਪਾਲ ਸਿੰਘ, ਡਾ. ਦਿਵਾਨ ਅਤੇ ਡਾ. ਧੀਰਜ ਨੇ ਦੱਸਿਆ ਕਿ ਜਦੋਂ ਹਰਮਨਦੀਪ ਸਿੰਘ ਹਸਪਤਾਲ ਆਇਆ ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ। ਉਸ ਦੇ ਹੱਥ, ਸਿਰ ਅਤੇ ਲੱਤਾਂ ਦੀਆਂ ਹੱਡੀਆਂ ਟੁੱਟੀਆਂ ਪਈਆਂ ਸਨ ਅਤੇ ਮੂੰਹ ਦਾ ਜਬਾੜਾ ਬਾਹਰ ਆਇਆ ਹੋਇਆ ਸੀ। ਆਪ੍ਰੇਸ਼ਨ ਕਰਨ ਤੋਂ ਬਾਅਦ ਹਰਮਨਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਹੈ।


Anuradha

Content Editor

Related News