ਤੇਜ਼ ਰਫਤਾਰ ਬੋਲੈਰੋ ਗੱਡੀ ਨੇ ਐਕਟਿਵਾ ਸਵਾਰਾਂ ਨੂੰ ਕੁਚਲਿਆ, 1 ਦੀ ਮੌਤ
Sunday, Nov 24, 2024 - 05:17 AM (IST)

ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ) – ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਜਾ ਰਹੀ ਇਕ ਬੋਲੈਰੋ ਗੱਡੀ ਨੇ ਇਕ ਐਕਟਿਵਾ ਨਾਲ ਹਾਦਸਾ ਕਰ ਦਿੱਤਾ। ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਸਬੰਧੀ ਥਾਣਾ ਮੱਲਾਂਵਾਲਾ ਦੀ ਪੁਲਸ ਨੇ ਬੋਲੈਰੋ ਚਾਲਕ ਰਿੰਕੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਾਹਿਲ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਮੋਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦਾ ਚਾਚਾ ਜਗਦੀਸ਼ ਕੁਮਾਰ ਪੁੱਤਰ ਲਹੌਰੀ ਰਾਮ ਵਾਸੀ ਮੁਹੱਲਾ ਅੰਗਦਪੁਰਾ ਸਮੇਤ ਆਪਣੇ ਦੋਸਤ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਨਾਲ ਐਕਟਿਵਾ ’ਤੇ ਜਾ ਰਿਹਾ ਸੀ ਤਾਂ ਇਕ ਬੋਲੈਰੋ ਗੱਡੀ ਦੇ ਚਾਲਕ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ’ਚ ਸ਼ਿਕਾਇਤਕਰਤਾ ਦੇ ਚਾਚਾ ਜਗਦੀਸ਼ ਅਤੇ ਅਵਤਾਰ ਸਿੰਘ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਜ਼ੀਰਾ ਲਿਜਾਇਆ ਗਿਆ, ਜਿਥੇ ਉਸ ਦੇ ਚਾਚੇ ਜਗਦੀਸ਼ ਕੁਮਾਰ ਦੀ ਮੌਤ ਹੋ ਗਈ। ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।