ਕੋਰੋਨਾ ਦੀ ਦਹਿਸ਼ਤ ਦਰਮਿਆਨ ਖਿੜੀਆਂ ਰੂਹਾਂ, ਜਦੋਂ ‘ਪ੍ਰਦੂਸ਼ਣ ਹੋਇਆ ਲਾਕਡਾਊਨ’

04/03/2020 10:34:13 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਪਿਛਲੇ ਸਮੇਂ ਤੋਂ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਅਜਿਹੀ ਦਹਿਸ਼ਤ ਪੈਦਾ ਕੀਤੀ ਕਿ ਮਨੁੱਖ ਕੋਲ ਘਰਾਂ ਵਿਚ ਕੈਦ ਹੋਣ ਤੋਂ ਇਲਾਵਾ ਕੋਈ ਚਾਰਾ ਨਾ ਬਚਿਆ। ਇਸ ਸਭ ਦਾ ਨਤੀਜ਼ਾ ਇਹ ਹੋਇਆ ਕਿ ਜਿਸ ਖੂਬਸੂਰਤ ਚੁਗਿਰਦੇ ਨੂੰ ਮਨੁੱਖ ਨੇ ਕੁਝ ਦਹਾਕਿਆਂ ਵਿਚ ਹੀ ਤਬਾਹ ਕਰ ਦਿੱਤਾ ਸੀ, ਉਸ ਨੇ ਦਿਨਾਂ ਵਿਚ ਹੀ ਆਪਣਾ ਮੌਲਣਾ ਸ਼ੁਰੂ ਕਰ ਦਿੱਤਾ। ਅੱਜ ਜਦੋਂ ਜਲੰਧਰ ਵਿਚੋਂ ਬਰਫ ਨਾਲ ਲੱਦੇ ਪਹਾੜ ਦਿਸਣ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ ਤਾਂ ਦੇਖਣ ਵਾਲੇ ਖੁਸ਼ੀ ਵਿਚ ਝੂੰਮ ਉੱਠੇ। ਇਹ ਨਜ਼ਾਰਾ ਸਿਰਫ ਜਲੰਧਰ ਦਾ ਹੀ ਨਹੀਂ ਸੀ ਬਲਕਿ ਕਪੂਰਥਲਾ, ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ ਆਦਿ ਥਾਵਾਂ ਤੋਂ ਵੀ ਪਹਾੜ ਸਾਫ ਨਜ਼ਰ ਆ ਰਹੇ ਸਨ। ਇਸੇ ਤਰ੍ਹਾਂ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਬਿਆਸ ਦਰਿਆ ਦੀਆਂ ਵੀ ਸਾਹਮਣੇ ਆਈਆਂ ਸਨ, ਜੋ ਬਹੁਤ ਹੀ ਮਨਮੋਹਕ ਸਨ।

PunjabKesari
ਪੰਜਾਬ ਤੋਂ ਇਲਾਵਾ ਦੁਨੀਆ ਭਰ ਵਿਚੋਂ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸੇ ਹਫਤੇ ਇਟਲੀ ਦੇ ਇਕ ਸ਼ਹਿਰ ਵੇਨਿਸ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਇੱਥੋਂ ਦੀ ਹਵਾ ਅਤੇ ਨਹਿਰਾਂ ਦਾ ਪਾਣੀ ਐਨਾ ਸਾਫ ਹੋ ਗਿਆ ਹੈ ਕਿ ਡੋਲਫਿਨ ਮੱਛੀਆਂ ਦੀ ਗਿਣਤੀ ਵਧ ਗਈ ਅਤੇ ਉਹ ਕਿਨਾਰਿਆਂ ਤੱਕ ਪਹੁੰਚ ਗਈਆਂ ਹਨ। ਇਸ ਸਭ ਤੋਂ ਬਾਅਦ ਵਾਤਾਵਰਨ ਪ੍ਰੇਮੀਆਂ ਅਤੇ ਮਾਹਰਾਂ ਨੇ ਕਿਹਾ ਇਨ੍ਹਾਂ ਬਦਲਾਵਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਕਿਉਂਕਿ ਸਾਡੇ ਜੀਵਨ ਦੇ ਤਿੰਨ ਮੁੱਖ ਅਧਾਰ ਹਵਾ-ਪਾਣੀ ਅਤੇ ਮਿੱਟੀ ਨੂੰ ਅਸੀਂ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਚੁੱਕੇ ਹਾਂ। ਇਸ ਸਭ ਦੇ ਮਾਰੂ ਪ੍ਰਭਾਵ ਇਹ ਪਏ ਕਿ ਮਨੁੱਖੀ ਨਸਲ ਅਤੇ ਇਸ ਦਾ ਡੀ. ਐੱਨ. ਏ. ਵੀ ਪ੍ਰਦੂਸ਼ਿਤ ਕਣਾਂ ਤੋਂ ਪ੍ਰਭਾਵਿਤ ਹੋਣ ਲੱਗਾ। ਪਿਛਲੇ ਸਮੇਂ ਦੌਰਾਨ ਸਟੇਟ ਆਫ ਗਲੋਬਲ ਏਅਰ ਦੀ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਭਾਰਤ ਵਿਚ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਭੇਟ ਚੜ੍ਹ ਰਹੇ ਹਨ।

PunjabKesari

ਜਨਰਲ ਨੇਚਰ ਕਮਿਊਨੀਕੇਸ਼ਨ ਵਿਚ ਛਪੀ ਇਕ ਰਿਪੋਰਟ ਮੁਤਾਬਕ ਤਾਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਪ੍ਰਦੂਸ਼ਣ ਦੇ ਇਸ ਦੈਂਤ ਨੇ ਮਾਵਾਂ ਦੇ ਗਰਭ ਵਿਚ ਪਲ਼ ਰਹੇ ਬੱਚਿਆਂ ਨੂੰ ਵੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ WHO ਦੀ ਰਿਪੋਰਟ ਦੇ ਅੰਕੜੇ ਵੀ ਕਾਫੀ ਭੈਅ-ਭੀਤ ਕਰਦੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ 4.2 ਮਿਲੀਅਨ ਲੋਕ ਹਰ ਸਾਲ ਫੈਕਟਰੀਆਂ ਅਤੇ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪ੍ਰਦੂਸ਼ਣ ਦੀ ਇਹ ਮਾਰ ਸਿਰਫ ਮਨੁੱਖਾਂ ’ਤੇ ਹੀ ਨਹੀਂ ਸੀ ਪੈ ਰਹੀ ਬਲਕਿ ਇਸ ਨਾਲ ਜੀਵ-ਜੰਤੂ, ਜੰਗਲੀ ਪ੍ਰਾਣੀ ਅਤੇ ਪੰਛੀ ਵੀ ਖ਼ਤਰੇ ਵਿਚ ਸਨ। ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿਚੋਂ ਕਈ ਜੀਵ ਜਿਵੇਂ ਹਾਇਨਾ (ਲੱਕੜਬੱਘਾ), ਇੱਲਾਂ, ਕਈ ਤਰ੍ਹਾਂ ਦੀਆਂ ਚਿੜੀਆਂ, ਤੋਤੇ, ਹੋਰ ਖੂਬਸੂਰਤ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ।

PunjabKesari

ਕੁਝ ਮਹੀਨੇ ਪਹਿਲਾਂ ਸੀ ਪੰਜਾਬ ਦੀ ਭਿਆਨਕ ਤਸਵੀਰ
ਲਾਕਡਾਊਨ ਤੋਂ ਬਾਅਦ ਸਮੁੱਚੇ ਭਾਰਤ ਦੀ ਹਵਾ ਗੁਣਵੱਤਾ ਦੀ ਗੱਲ ਕਰੀਏ ਤਾਂ ਇਸ ਵਿਚ ਜਬਰਦਸਤ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਨਵੰਬਰ ਮਹੀਨੇ ਵਿਚ ਹਾਲਾਤ ਇਹ ਸਨ ਕਿ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਹਵਾ ਪ੍ਰਦੂਸ਼ਣ ਦੀ ਲਪੇਟ 'ਚ ਸੀ।  ਇਸ ਦੌਰਾਨ ਪੰਜਾਬ ਦੇ ਮੁੱਖ ਵੱਡੇ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਭਾਵ ਏਅਰ ਕੁਆਲਿਟੀ ਇੰਡੈਕਸ 350 ਤੋਂ ਲੈ ਕੇ 400 ਦੇ ਆਸ-ਪਾਸ ਸੀ। ਪੰਜਾਬ ਵਿਚ ਜਲੰਧਰ, ਅੰਮ੍ਰਿਤਸਰ, ਪਟਿਆਲਾ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਸਭ ਤੋਂ ਅੱਗੇ ਸਨ। ਕੋਰੋਨਾ ਵਾਇਰਸ ਕਾਰਨ ਦੇਸ਼ ਜਿਉਂ ਹੀ ਲਾਕ ਡਾਊਨ ਸਥਿਤੀ ਵਿਚ ਗਿਆ ਤਾਂ ਹਵਾ ਦੀ ਕੁਆਲਿਟੀ ਅਤੇ ਚੁਗਿਰਦੇ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਪੰਜਾਬ ਵਿਚ ਜਲੰਧਰ ਦੀ ਅੱਜ ਦੀ ਹਵਾ ਗੁਣਵੱਤਾ ਬੇਹੱਦ ਹੀ ਚੰਗੀ ਸੀ। ਗੁਣਵੱਤਾ 40 ਦੇ ਆਸ-ਪਾਸ ਸੀ, ਜੋ ਕਦੇ ਵੀ ਨਹੀਂ ਰਹੀ।

PunjabKesari

 

ਕਰੋੜਾਂ ਲੋਕਾਂ ਦੇ ਸੈਂਕੜੇ ਰੋਗ ਹੋਣਗੇ ਠੀਕ : ਸੰਤ ਸੀਚੇਵਾਲ
ਵਾਤਾਵਰਨ ਵਿਚ ਆਏ ਇਸ ਵੱਡੇ ਬਦਲਾਅ ਸਬੰਧੀ ਜਦੋਂ ਜਗਬਾਣੀ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੁਗਿਰਦੇ ਵਿਚ ਆਇਆ ਇਹ ਬਦਲਾਅ ਬਹੁਤ ਹੀ ਮਨਮੋਹਕ ਅਤੇ ਆਤਮਾ ਨੂੰ ਖੇੜਾ ਦੇਣ ਵਾਲਾ ਹੈ। ਉਨ੍ਹਾਂ ਕਿਹਾ ਭਾਵੇਂ ਮਨੁੱਖੀ ਨਸਲ ਉੱਤੇ ਕੋਰੋਨਾ ਦਾ ਸੰਕਟ ਹੈ ਪਰ ਵਾਤਾਵਰਨ ਵਿਚ ਆਏ ਬਦਲਾਅ ਕਾਰਨ ਕਰੋੜਾਂ ਲੋਕਾਂ ਦੇ ਸਾਹ, ਦਮਾ ਅਤੇ ਦਿਲ ਦੇ ਰੋਗਾਂ ਦੇ ਨਾਲ-ਨਾਲ ਹੋਰ ਸੈਂਕੜੇ ਰੋਗ ਵੀ ਠੀਕ ਹੋ ਜਾਣਗੇ। ਉਨ੍ਹਾਂ ਕਿਹਾ ਕੋਰੋਨਾ ਸੰਕਟ ਦੇ ਹੱਲ ਤੋਂ ਬਾਅਦ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਵਾਤਾਵਰਨ ਵਿਚ ਸੁਧਾਰ ਇਸੇ ਤਰਾਂ ਬਣਿਆ ਰਹੇ।


jasbir singh

News Editor

Related News