ਹੈਲੋ! ਤੁਹਾਡਾ ਲੜਕਾ ਐਕਸੀਡੈਂਟ ਕੇਸ ''ਚ ਫਸ ਗਿਆ ਹੈ, ਵਿਦੇਸ਼ੀ ਨੰਬਰ ਤੋਂ ਆਏ ਫੋਨ ਨੇ ਪਿਤਾ ਦੇ ਉਡਾਏ ਹੋਸ਼
Friday, Jul 05, 2024 - 03:54 PM (IST)
 
            
            ਭਵਾਨੀਗੜ੍ਹ (ਵਿਕਾਸ ਮਿੱਤਲ) : ਸ਼ਾਤਰ ਠੱਗ ਅੱਜਕਲ੍ਹ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ ਅਤੇ ਕਈ ਵਾਰ ਲੋਕ ਇਨ੍ਹਾਂ ਦੀਆਂ ਗੱਲਾਂ 'ਚ ਫਸ ਕੇ ਆਪਣੇ ਆਪ ਨੂੰ ਇਨ੍ਹਾਂ ਦਾ ਸ਼ਿਕਾਰ ਬਣਾ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਦੇਸ਼ੀ ਨੰਬਰ ਤੋਂ ਫ਼ੋਨ ਕਾਲ ਕਰਨ ਵਾਲੇ ਇਕ ਸ਼ਾਤਰ ਠੱਗ ਨੇ ਬੜੀ ਚਲਾਕੀ ਨਾਲ ਵਿਅਕਤੀ ਕੋਲੋਂ 45 ਹਜ਼ਾਰ ਰੁਪਏ ਠੱਗ ਲਏ। ਹਾਲਾਂਕਿ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨਿਹੰਗਾਂ ਨੇ ਭਰੇ ਬਾਜ਼ਾਰ 'ਚ ਸੜਕ ਵਿਚਾਲੇ ਵੱਢਿਆ ਸ਼ਿਵ ਸੈਨਾ ਆਗੂ
ਦਰਅਸਲ ਲਗਭਗ 3 ਮਹੀਨੇ ਪਹਿਲਾਂ ਨੇੜਲੇ ਪਿੰਡ ਬਾਲਦ ਕਲਾਂ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਜਿਸ ਵਿਚ ਬੋਲਣ ਵਾਲੇ ਵਿਅਕਤੀ ਨੇ ਮਨਜੀਤ ਸਿੰਘ ਨੂੰ ਕਿਹਾ ਕਿ ਤੁਹਾਡਾ ਲੜਕਾ ਇਕ ਐਕਸੀਡੈਂਟ ਕੇਸ ਵਿਚ ਫਸ ਗਿਆ ਹੈ ਅਤੇ ਜੇਕਰ ਤੁਸੀਂ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ 2 ਲੱਖ ਰੁਪਏ ਟ੍ਰਾਂਸਫਰ ਕਰ ਦਿਓ। ਫੋਨ ਕਰਨ ਵਾਲੇ ਵਿਅਕਤੀ ਦੇ ਕਹਿਣ 'ਤੇ ਮਨਜੀਤ ਸਿੰਘ ਨੇ ਗੂਗਲ ਪੇਅ ਰਾਹੀਂ ਵਿਅਕਤੀ ਦੇ ਖਾਤੇ 'ਚ 45 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਮਗਰੋਂ ਮਨਜੀਤ ਸਿੰਘ ਨੂੰ ਵਿਅਕਤੀ 'ਤੇ ਕੁੱਝ ਸ਼ੱਕ ਪਿਆ ਤੇ ਇਸੇ ਦੌਰਾਨ ਮਨਜੀਤ ਕੋਲ ਆਏ ਉਸਦੇ ਲੜਕੇ ਦੇ ਫੋਨ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਗਈ ਕਿ ਅਜਿਹਾ ਕੋਈ ਮਾਮਲਾ ਹੋਇਆ ਹੀ ਨਹੀਂ। ਇਸ ਉਪਰੰਤ ਮਨਜੀਤ ਸਿੰਘ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਮਾਮਲੇ ਸਬੰਧੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਥਾਣਾ ਭਵਾਨੀਗੜ੍ਹ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            