ਆਂਗਨਵਾੜੀ ਕੇਂਦਰਾਂ ਨੂੰ ਹੁਣ ''ਸੋਲਰ ਪੱਖੇ'' ਝੱਲਣਗੇ ਹਵਾ

Saturday, Aug 12, 2017 - 09:56 AM (IST)

ਆਂਗਨਵਾੜੀ ਕੇਂਦਰਾਂ ਨੂੰ ਹੁਣ ''ਸੋਲਰ ਪੱਖੇ'' ਝੱਲਣਗੇ ਹਵਾ

ਸਮਰਾਲਾ (ਬੰਗੜ, ਗਰਗ) : ਆਂਗਣਵਾੜੀ ਕੇਂਦਰਾਂ ਵਿਚ ਪੜ੍ਹਾਈ ਦੀ ਮੁੱਢਲੀ ਜਾਂਚ ਸਿੱਖਣ ਜਾਂਦੇ ਨੰਨ੍ਹੇ-ਮੁੰਨਿਆਂ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਗਿਆ ਹੈ ਕਿ ਜ਼ਿਲਾ ਲੁਧਿਆਣਾ ਅਧੀਨ ਚੱਲਦੇ ਆਂਗਣਵਾੜੀ ਕੇਂਦਰਾਂ ਵਿਚ ਹੁਣ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖੇ ਲਾਏ ਜਾਣਗੇ। ਅਜਿਹਾ ਹੋਣ ਨਾਲ ਜਿੱਥੇ ਬਿਜਲੀ ਦੇ ਕੱਟਾਂ ਕਾਰਨ ਪਰੇਸ਼ਾਨ ਹੁੰਦੇ ਬੱਚੇ ਪੂਰਾ ਸਮਾਂ ਪੱਖੇ ਦੀ ਹਵਾ ਦਾ ਆਨੰਦ ਮਾਣਨਗੇ, ਉੱਥੇ ਹੀ ਨਿਗੂਣੀ ਲਾਗਤ ਲਾ ਕੇ 25 ਸਾਲ ਤਕ ਵਿਭਾਗ ਨੂੰ ਬਿਜਲੀ ਦੇ ਬਿੱਲਾਂ ਤੋਂ ਵੀ ਮੁਕਤੀ ਮਿਲੇਗੀ।
ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ 'ਚ ਇਸ ਵੇਲੇ 2400 ਦੇ ਕਰੀਬ ਆਂਗਣਵਾੜੀ ਕੇਂਦਰ ਚੱਲ ਰਹੇ ਹਨ। ਇਨ੍ਹਾਂ ਵਿਚੋਂ 314 ਉਹ ਕੇਂਦਰ ਹਨ, ਜਿੱਥੇ ਬਾਕੀ ਬੁਨਿਆਦੀ ਸਹੂਲਤਾਂ ਤਾਂ ਹਨ ਪਰ ਪੱਖਿਆਂ ਦੀ ਕਮੀ ਹੈ। ਇਸੇ ਨੂੰ ਪੂਰਾ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਵੱਖ-ਵੱਖ ਵਪਾਰਕ ਕੰਪਨੀਆਂ ਦੇ ਸਹਿਯੋਗ ਨਾਲ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੱਖੇ (ਸੋਲਰ ਫੈਨ) ਲਾਉਣ ਦਾ ਮਤਾ ਲਿਆਂਦਾ ਹੈ। ਜ਼ਿਲਾ ਪ੍ਰਸ਼ਾਸਨ ਦੇ ਇਸ ਮਤੇ ਨੂੰ ਪ੍ਰਵਾਨ ਕਰਦਿਆਂ ਜਗਰਾਓਂ ਸਥਿਤ ਏ. ਪੀ. ਰਿਫਾਈਨਰੀ ਨੇ ਬਲਾਕ ਜਗਰਾਓਂ (55 ਕੇਂਦਰ) ਤੇ ਸਿੱਧਵਾਂ ਬੇਟ (15 ਕੇਂਦਰ) ਵਿਚ ਪੱਖੇ ਲਾਉਣ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ। ਡੀ. ਸੀ. ਅਗਰਵਾਲ ਨੇ ਦੱਸਿਆ ਕਿ ਇਸ ਮਤੇ ਤਹਿਤ ਕੀਤੇ ਜਾਣ ਵਾਲੇ ਕੰਮ ਲਈ ਪੇਡਾ (ਪੰਜਾਬ ਸਰਕਾਰ ਦਾ ਅਦਾਰਾ) ਵੱਲੋਂ ਬਣਦੀ ਸਬਸਿਡੀ ਵੀ ਦਿੱਤੀ ਜਾਵੇਗੀ। 
ਉਨ੍ਹਾਂ ਕਿਹਾ ਕਿ ਅਨੁਪਮ ਨੰਦਾ ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ ਨੂੰ ਹਦਾਇਤ ਕੀਤੀ ਕਿ ਉਹ 31 ਦਸੰਬਰ, 2017 ਤੱਕ ਵੱਧ ਤੋਂ ਵੱਧ ਆਂਗਣਵਾੜੀ ਕੇਂਦਰਾਂ ਵਿਚ ਅਜਿਹੇ ਸੋਲਰ ਪੱਖੇ ਲਵਾਉਣ ਲਈ ਯਤਨ ਕਰਨ। ਉਨ੍ਹਾਂ ਵਪਾਰਕ ਕੰਪਨੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵਪਾਰਕ ਸਮਾਜਿਕ ਜ਼ਿੰਮੇਵਾਰੀ ਗਤੀਵਿਧੀ (ਸੀ. ਐੱਸ. ਆਰ. ਐਕਟੀਵਿਟੀ) ਅਧੀਨ ਜ਼ਿਲੇ ਦੇ ਸਮਾਜਿਕ ਵਿਕਾਸ ਵਿਚ ਯੋਗਦਾਨ ਪਾਉਣ।


Related News