'ਜੇ ਇਨਸਾਫ਼ ਤੁਰੰਤ ਹੈ ਤਾਂ 4 ਦਿਨ ਕਿਉਂ ਲੱਗੇ'? ਕੇਜਰੀਵਾਲ ਦੇ 'ਜ਼ੀਰੋ ਟਾਲਰੈਂਸ' ਦਾਅਵਿਆਂ ਦੀ ਬਾਜਵਾ ਨੇ ਕੱਢੀ ਹਵਾ
Tuesday, Mar 24, 2026 - 08:02 PM (IST)
ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ 'ਤੁਰੰਤ ਕਾਰਵਾਈ' ਅਤੇ 'ਜ਼ੀਰੋ ਟਾਲਰੈਂਸ' ਦੇ ਕੀਤੇ ਜਾ ਰਹੇ ਦਾਅਵਿਆਂ 'ਤੇ ਤਿੱਖਾ ਹਮਲਾ ਬੋਲਿਆ ਹੈ। ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਘੇਰਦਿਆਂ ਬਾਜਵਾ ਨੇ ਤੱਥਾਂ ਦੇ ਹਵਾਲੇ ਨਾਲ ਸਵਾਲ ਕੀਤਾ ਕਿ ਜੇਕਰ ਸਰਕਾਰ ਦੀ ਕਾਰਵਾਈ ਇੰਨੀ ਹੀ ਤੇਜ਼ ਸੀ ਤਾਂ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਇੰਨਾ ਇੰਤਜ਼ਾਰ ਕਿਉਂ ਕਰਨਾ ਪਿਆ?
ਪ੍ਰਤਾਪ ਬਾਜਵਾ ਨੇ ਟਵੀਟ ਕਰਦਿਆਂ ਘਟਨਾਕ੍ਰਮ ਦਾ ਵੇਰਵਾ ਸਾਂਝਾ ਕੀਤਾ ਅਤੇ ਦੱਸਿਆ ਕਿ ਐੱਫ਼. ਆਈ. ਆਰ. ਦਰਜ ਕਰਨ ਵਿੱਚ ਹੀ 18 ਘੰਟੇ ਦਾ ਸਮਾਂ ਲੱਗ ਗਿਆ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਦੋ ਦਿਨਾਂ ਤੋਂ ਵੱਧ ਦਾ ਸਮਾਂ ਲੱਗਿਆ ਅਤੇ ਮ੍ਰਿਤਕ ਗਗਨਦੀਪ ਸਿੰਘ ਰੰਧਾਵਾ ਦਾ ਅੰਤਿਮ ਸਸਕਾਰ ਚੌਥੇ ਦਿਨ ਜਾ ਕੇ ਹੋਇਆ।
“Immediate action”? Let’s look at the facts:
— Partap Singh Bajwa (@Partap_Sbajwa) March 24, 2026
18 hrs for FIR!
More than 2 days for arrest!
Cremation on fourth day!
If this is “swift justice,” why did the family have to wait with a dead body for action?
This isn’t zero tolerance.
This is action forced under public… https://t.co/1qKd2iWq8l
ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਚੁੱਕਿਆ ਕਿ ਜੇਕਰ ਇਸ ਨੂੰ 'ਤੁਰੰਤ ਇਨਸਾਫ਼' ਕਿਹਾ ਜਾਂਦਾ ਹੈ ਤਾਂ ਫਿਰ ਪਰਿਵਾਰ ਨੂੰ ਕਾਰਵਾਈ ਦੀ ਮੰਗ ਲਈ ਮ੍ਰਿਤਕ ਦੇਹ ਦੇ ਨਾਲ ਇੰਨਾ ਲੰਬਾ ਸਮਾਂ ਕਿਉਂ ਬੈਠਣਾ ਪਿਆ? ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰ ਦੀ ਕੋਈ 'ਜ਼ੀਰੋ ਟਾਲਰੈਂਸ' ਨੀਤੀ ਨਹੀਂ ਹੈ, ਸਗੋਂ ਇਹ ਕਾਰਵਾਈ ਜਨਤਕ ਦਬਾਅ ਹੇਠ ਆ ਕੇ ਕੀਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਲੋਕਾਂ ਦਾ ਗੁੱਸਾ ਵਧਿਆ, ਤਾਂ ਹੀ ਸਰਕਾਰ ਹਰਕਤ 'ਚ ਆਈ।
ਦੱਸ ਦੇਈਏ ਕਿ ਕੇਜਰੀਵਾਲ ਨੇ ਪੰਜਾਬ ਸਰਕਾਰ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ ਹਾਲ ਹੀ ਵਿੱਚ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ 'ਤੇ ਗੰਭੀਰ ਦੋਸ਼ ਲੱਗੇ, ਤਾਂ ਸਰਕਾਰ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਗਿਆ। ਪ੍ਰਤਾਪ ਬਾਜਵਾ ਨੇ ਹੁਣ ਕੇਜਰੀਵਾਲ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ।
