ਸੋਸ਼ਲ ਮੀਡੀਆ ''ਤੇ ਛਾਇਆ ਮਨਪ੍ਰੀਤ ਬਾਦਲ ਦਾ ਸਟਿੰਗ ਆਪ੍ਰੇਸ਼ਨ

03/25/2017 6:17:26 PM

ਦੋਰਾਹਾ (ਸੂਦ) : ਬੀਤੇ ਦਿਨੀਂ ਦੋਰਾਹਾ ਨੇੜੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਰਿਸ਼ਵਤ ਲੈਂਦੇ ਪੁਲਸ ਮੁਲਾਜ਼ਮਾਂ ਦੀ ਵੀਡੀਓ ਬਣਾ ਕੇ ਪੁਲਸ ਮੁਲਾਜ਼ਮਾਂ ਖਿਲਾਫ ਖੰਨੇ ਅਤੇ ਲੁਧਿਆਣੇ ਜ਼ਿਲੇ ਦੇ ਪੁਲਸ ਅਫਸਰਾਂ ਕੋਲੋਂ ਤੁਰੰਤ ਕਾਰਵਾਈ ਕਰਵਾਉਣ ਦੀ ਕੀਤੀ ਗਈ ਪਹਿਲ ਦੀ ਸ਼ਹਿਰ ਦੇ ਲੋਕਾਂ ਨੇ ਸ਼ਲਾਘਾ ਕੀਤੀ ਹੈ। ਸ਼ਹਿਰ ਦੇ ਕਈ ਲੋਕਾਂ ਨੇ ''ਜਗ ਬਾਣੀ'' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਮਨਪ੍ਰੀਤ ਬਾਦਲ ਸਰਕਾਰ ਬਨਣ ਤੋਂ ਬਾਅਦ ਵੀ.ਆਈ.ਪੀ .ਕਲਚਰ ਨੂੰ ਬੰਦ ਨਾ ਕਰਦੇ ਤਾਂ ਸ਼ਹਿਰ ਦੇ ਨੇੜੇ ਰਿਸ਼ਵਤ ਲੈਂਦੇ ਪੁਲਸ ਮੁਲਾਜ਼ਮਾਂ ਨੂੰ ਫੜਨਾ ਬਹੁਤ ਮੁਸ਼ਕਲ ਸੀ ਕਿਉਂਕਿ ਜੇਕਰ ਮਨਪ੍ਰੀਤ ਬਾਦਲ ਵੀ.ਆਈ ਕਲਚਰ ਨਾਲ ਲਾਲ ਬੱਤੀ ਵਾਲੀ ਗੱਡੀ ਵਿਚ ਆਏ ਹੁੰਦੇ ਤਾਂ ਪੁਲਸ ਮੁਲਾਜ਼ਮਾਂ ਨੂੰ ਮਨਪ੍ਰੀਤ ਬਾਦਲ ਦੀ ਭਿਣਕ ਪੈ ਜਾਣੀ ਸੀ ਤੇ ਉਨ੍ਹਾਂ ਨੇ ਰਿਸ਼ਵਤ ਲੈਣੀ ਬੰਦ ਕਰ ਦੇਣੀ ਸੀ, ਜਿਸ ਕਰਕੇ ਅਜਿਹੇ ਪੁਲਸ ਮੁਲਾਜ਼ਮਾਂ ਦੇ ਹੌਸਲੇ ਹੋਰ ਬੁਲੰਦ ਹੋ ਜਾਣੇ ਸੀ।
ਦੂਜੇ ਪਾਸੇ ਸੋਸ਼ਲ ਮੀਡੀਆ ''ਤੇ ਵੀ ਮਨਪ੍ਰੀਤ ਬਾਦਲ ਵੱਲੋਂ ਸਥਾਨਕ ਸ਼ਹਿਰ ਕੋਲ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਖਿਲਾਫ ਕੀਤੇ ਸਟਿੰਗ ਆਪ੍ਰੇਸ਼ਨ ਦੀ ਚਰਚਾ ਹੁੰਦੀ ਰਹੀ ਤੇ ਲੋਕ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੀ ਖੂਬ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਬਾਕੀ ਸਰਕਾਰੀ ਵਿਭਾਗਾਂ ਦੇ ਹੋਰ ਮੁਲਾਜ਼ਮ ਮਨਪ੍ਰੀਤ ਬਾਦਲ ਦੇ ਧੱਕੇ ਕਦੋਂ ਚੜ੍ਹਣਗੇ ਪਰ ਸਰਦਾਰ ਬਾਦਲ ਵੱਲੋਂ ਪੁਲਸ ਵਿਭਾਗ ਤੇ ਕੀਤੇ ਸਟਿੰਗ ਆਪ੍ਰੇਸ਼ਨ ਨੇ ਬਾਕੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਭਾਜੜਾਂ ਜ਼ਰੂਰ ਪਾ ਦਿੱਤੀਆਂ ਹਨ।


Gurminder Singh

Content Editor

Related News