ਬੱਚੇ ਦੀ ਗੁੰਮਸ਼ੁਦਗੀ ਦੇ ਝੂਠੇ ਵਾਇਰਲ ਮੈਸੇਜ ਨੇ ਵਿਅਕਤੀ ਨੂੰ ਕੀਤਾ ਪ੍ਰੇਸ਼ਾਨ
Friday, Jul 27, 2018 - 12:48 AM (IST)
ਬੱਸੀ ਪਠਾਣਾਂ(ਰਾਜਕਮਲ)-ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਏ ਬੱਸੀ ਪਠਾਣਾਂ ਨਿਵਾਸੀ ਹਰਮਿੰਦਰ ਸਿੰਘ ਢਿੱਲੋਂ ਨਾਮੀ ਬੱਚੇ ਦੀ ਗੁੰਮਸ਼ੁਦਗੀ ਦੇ ਇਕ ਝੂਠੇ ਮੈਸੇਜ ਨੇ ਜਿਥੇ ਇਕ ਵਿਅਕਤੀ ਨੂੰ ਭਾਰੀ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਸੀ, ਉਥੇ ਬੱਸੀ ਪਠਾਣਾਂ ਦੀ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਨੇ ਵੀ ਸੋਸ਼ਲ ਮੀਡੀਆ ਰਾਹੀਂ ਗਲਤ ਪ੍ਰਚਾਰ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ ਹੈ। ਜਦੋਂ ਸੋਸ਼ਲ ਮੀਡੀਆ ’ਤੇ ਬੱਸੀ ਪਠਾਣਾਂ ਦੇ ਇਕ ਬੱਚੇ ਦੇ ਗੁੰਮ ਹੋ ਜਾਣ ਦਾ ਮੈਸੇਜ ਵਾਇਰਲ ਹੋਇਆ ਤਾਂ ਜਗ ਬਾਣੀ ਵਲੋਂ ਇਸ ਦੀ ਗਹਿਰਾਈ ਨਾਲ ਪਡ਼ਤਾਲ ਕੀਤੀ ਗਈ। ਪੜਤਾਲ ਉਪਰੰਤ ਇਹ ਮੈਸੇਜ ਬਿਲਕੁਲ ਹੀ ਝੂਠਾ ਅਤੇ ਬੇਬੁਨਿਆਦਾ ਸੀ ਪਰ ਗੁੰਮਸ਼ੁਦਗੀ ਵਾਲੇ ਮੈਸੇਜ ਨਾਲ ਵਾਇਰਲ ਹੋਏ ਮੋਬਾਇਲ ਨੰਬਰ ਦੇ ਖਪਤਕਾਰ ਮਨਦੀਪ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਨਦੀਪ ਸਿੰਘ ਨਿਵਾਸੀ ਦੌਰਾਹਾ ਨੇ ਦੱਸਿਆ ਕਿ ਉਹ ਮਿਲਟਰੀ ਵਿਚ ਨੌਕਰੀ ਕਰਦਾ ਹੈ ਅਤੇ ਕਿਸੇ ਸ਼ਰਾਰਤੀ ਅਨਸਰ ਨੇ ਮਹੀਨਾ ਪਹਿਲਾਂ ਇਕ ਬੱਚੇ ਦੀ ਗੁੰਮਸ਼ੁਦਗੀ ਦੀ ਤਸਵੀਰ ਨਾਲ ਉਸਦਾ ਮੋਬਾਇਲ ਨੰਬਰ ਵਾਇਰਲ ਕਰ ਕੇ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ ਜਦੋਂਕਿ ਉਹ ਨਾ ਤਾਂ ਉਸ ਬੱਚੇ ਨੂੰ ਜਾਣਦਾ ਹੈ ਤੇ ਨਾ ਹੀ ਉਸ ਨਾਲ ਕੋਈ ਨੇਡ਼ਲਾ ਸਬੰਧ ਹੈ। ਉਸ ਨੇ ਦੱਸਿਆ ਕਿ ਉਸਨੂੰ ਉਕਤ ਬੱਚੇ ਦੇ ਮਾਪਿਆਂ ਦਾ ਵੀ ਫੋਨ ਆ ਚੁੱਕਾ ਹੈ ਅਤੇ ਬੱਚੇ ਦੀ ਸਲਾਮਤੀ ਦੀ ਗੱਲ ਆਖੀ ਜਾ ਰਹੀ ਹੈ। ਉਸ ਵਲੋਂ ਇਸ ਸਬੰਧੀ ਕਈ ਵਿਭਾਗਾਂ ਨੂੰ ਅਪੀਲ ਕੀਤੀ ਗਈ ਹੈ ਪਰ ਸਾਰਿਅਾਂ ਵਲੋਂ ਪੱਲਾ ਝਾਡ਼ਿਆ ਜਾ ਰਿਹਾ ਹੈ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਸਕਦੇ। ਇਸ ਸਬੰਧੀ ਸਾਈਬਰ ਕਰਾਈਮ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਮਨਦੀਪ ਸਿੰਘ ਨੇ ਜਗ ਬਾਣੀ ਦਾ ਧੰਨਵਾਦ ਪ੍ਰਗਟਾਇਆ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਇਰਲ ਮੈਸੇਜ ਝੂਠਾ ਪਾਇਆ ਗਿਆ ਕਿਉਂਕਿ ਪੁਲਸ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਸੀ ਅਤੇ ਨਾ ਹੀ ਇਸ ਸ਼ਹਿਰ ਤੋਂ ਕੋਈ ਬੱਚਾ ਗੁੰਮ ਹੋਇਆ ਹੈ। ਡੀ. ਐੱਸ. ਪੀ. ਨੇ ਸ਼ਰਾਰਤੀ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਹਨ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਫਡ਼ੇ ਜਾਣ ’ਤੇ ਜਿਥੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉਥੇ ਸਲਾਖਾਂ ਪਿੱਛੇ ਵੀ ਜਾਣਾ ਪਵੇਗਾ।
