ਪਹਾੜਾਂ ਦੀ ਸੈਰ ਕਰ ਕੇ ਪਰਤ ਰਹੇ ਮੁੰਡਿਆਂ ਨਾਲ ਪੰਜਾਬ ''ਚ ਹੋਈ ਲੁੱਟ, ਥਾਣੇ ਦੇ ਬਾਹਰੋਂ ਖੋਹ ਕੇ ਲੈ ਗਏ iPhone-15

Monday, May 11, 2026 - 01:27 PM (IST)

ਪਹਾੜਾਂ ਦੀ ਸੈਰ ਕਰ ਕੇ ਪਰਤ ਰਹੇ ਮੁੰਡਿਆਂ ਨਾਲ ਪੰਜਾਬ ''ਚ ਹੋਈ ਲੁੱਟ, ਥਾਣੇ ਦੇ ਬਾਹਰੋਂ ਖੋਹ ਕੇ ਲੈ ਗਏ iPhone-15

ਲੁਧਿਆਣਾ (ਰਾਜ): ਪੁਲਸ ਦੀ ਸੰਵੇਦਨਹੀਣਤਾ ਅਤੇ ਬੇਲਗਾਮ ਅਪਰਾਧੀਆਂ ਦੇ ਹੌਸਲਿਆਂ ਨੇ ਇਕ ਵਾਰ ਫਿਰ ਲੁਧਿਆਣਾ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੱਦਾਖ ਦੀਆਂ ਹਸੀਨ ਵਾਦੀਆਂ ਦੀ ਸੈਰ ਕਰਕੇ ਗਵਾਲੀਅਰ ਪਰਤ ਰਹੇ ਦੋ ਦੋਸਤਾਂ ਨੂੰ ਕੀ ਪਤਾ ਸੀ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਵਿਚ ਉਨ੍ਹਾਂ ਨਾਲ ਖੂਨੀ ਵਾਰਦਾਤ ਹੋ ਜਾਵੇਗੀ। ਥਾਣਾ ਸਾਹਨੇਵਾਲ ਦੇ ਬਿਲਕੁਲ ਸਾਹਮਣੇ ਸਥਿਤ ਇਕ ਢਾਬੇ 'ਤੇ ਐਕਟਿਵਾ ਸਵਾਰ ਲੁਟੇਰਿਆਂ ਨੇ ਨਾ ਸਿਰਫ਼ ਵਿਦਿਆਰਥੀਆਂ 'ਤੇ ਚਾਕੂ ਨਾਲ ਹਮਲਾ ਕੀਤਾ, ਸਗੋਂ ਉਨ੍ਹਾਂ ਦਾ ਕੀਮਤੀ ਆਈਫੋਨ-15 (iPhone-15) ਵੀ ਲੁੱਟ ਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਲਹੂ-ਲੁਹਾਨ ਹਾਲਤ ਵਿਚ ਮਦਦ ਮੰਗਣ ਪਹੁੰਚੇ ਪੀੜਤਾਂ ਨੂੰ ਥਾਣੇ ਵਿਚ ਤਾਇਨਾਤ ਮੁਨਸ਼ੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ 'ਇੱਥੇ ਤਾਂ ਰੋਜ਼ ਅਜਿਹੀਆਂ ਵਾਰਦਾਤਾਂ ਹੁੰਦੀਆਂ ਹਨ, ਪਹਿਲਾਂ ਹਸਪਤਾਲ ਜਾਓ ਅਤੇ ਸਵੇਰੇ ਆਇਓ।' 

ਗਵਾਲੀਅਰ ਦੇ ਰਹਿਣ ਵਾਲੇ ਬੀ.ਬੀ.ਏ. ਵਿਦਿਆਰਥੀ ਰਵੀ ਗੁੱਜਰ ਨੇ ਦੱਸਿਆ ਕਿ ਉਹ ਆਪਣੇ ਤਿੰਨ ਦੋਸਤਾਂ ਨਾਲ ਲੱਦਾਖ ਟ੍ਰਿਪ ਤੋਂ ਵਾਪਸ ਆ ਰਿਹਾ ਸੀ। 9 ਮਈ ਦੀ ਰਾਤ ਕਰੀਬ 1:30 ਵਜੇ ਜਦੋਂ ਉਹ ਸਾਹਨੇਵਾਲ ਥਾਣੇ ਦੇ ਕੋਲ ਇਕ ਢਾਬੇ 'ਤੇ ਰੁਕੇ, ਉਦੋਂ ਹੀ ਐਕਟਿਵਾ ਸਵਾਰ ਦੋ ਨੌਜਵਾਨ ਰਸਤਾ ਪੁੱਛਣ ਦੇ ਬਹਾਨੇ ਉਨ੍ਹਾਂ ਕੋਲ ਆਏ। ਜਿਵੇਂ ਹੀ ਰਵੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਦੂਜੇ ਸੂਬੇ ਤੋਂ ਹੈ, ਨੌਜਵਾਨਾਂ ਨੇ ਤੁਰੰਤ ਚਾਕੂ ਕੱਢ ਲਿਆ ਅਤੇ ਪੈਸਿਆਂ ਦੀ ਮੰਗ ਕੀਤੀ। ਵਿਰੋਧ ਕਰਨ 'ਤੇ ਲੁਟੇਰਿਆਂ ਨੇ ਰਵੀ ਦਾ ਆਈਫੋਨ-15 ਝਪਟ ਲਿਆ। ਜਦੋਂ ਵਿਦਿਆਰਥੀ ਨੇ ਫ਼ੋਨ ਦਾ ਪਾਸਵਰਡ ਦੱਸਣ ਤੋਂ ਇਨਕਾਰ ਕੀਤਾ, ਤਾਂ ਸਨਕੀ ਲੁਟੇਰਿਆਂ ਨੇ ਉਸ 'ਤੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਨਾਲ ਉਹ ਖੂਨ ਨਾਲ ਲੱਥਪੱਥ ਹੋ ਗਿਆ।

ਵਾਰਦਾਤ ਤੋਂ ਬਾਅਦ ਰਵੀ ਅਤੇ ਉਸ ਦਾ ਦੋਸਤ ਰੋਹਿਤ ਇਨਸਾਫ਼ ਦੀ ਉਮੀਦ ਵਿਚ ਭੱਜਦੇ ਹੋਏ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਥਾਣਾ ਸਾਹਨੇਵਾਲ ਪਹੁੰਚੇ। ਉੱਥੇ ਡਿਊਟੀ 'ਤੇ ਤਾਇਨਾਤ ਨਾਈਟ ਮੁਨਸ਼ੀ ਗੁਰਦੀਪ ਸਿੰਘ ਤੋਂ ਉਨ੍ਹਾਂ ਨੇ ਨਾਲ ਚੱਲਣ ਅਤੇ ਲੁਟੇਰਿਆਂ ਨੂੰ ਫੜਨ ਦੀ ਗੁਹਾਰ ਲਗਾਈ। ਪੀੜਤ ਦਾ ਦੋਸ਼ ਹੈ ਕਿ ਪੁਲਸ ਕਰਮਚਾਰੀ ਨੇ ਮਦਦ ਕਰਨ ਦੀ ਬਜਾਏ ਬੇਹੱਦ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾਇਆ। ਰਵੀ ਅਨੁਸਾਰ, ਮੁਨਸ਼ੀ ਨੇ ਦੋ ਟੁੱਕ ਕਹਿ ਦਿੱਤਾ ਕਿ ਥਾਣੇ ਵਿਚ ਇਸ ਵੇਲੇ ਕੋਈ ਹੋਰ ਪੁਲਸ ਮੁਲਾਜ਼ਮ ਨਹੀਂ ਹੈ ਅਤੇ ਇਸ ਇਲਾਕੇ ਵਿਚ ਲੁੱਟ-ਖੋਹ ਹੋਣਾ ਆਮ ਗੱਲ ਹੈ। ਪੁਲਸ ਦੀ ਇਸ ਬੇਰੁਖ਼ੀ ਤੋਂ ਬਾਅਦ ਜ਼ਖ਼ਮੀ ਵਿਦਿਆਰਥੀ ਨੇ ਖੁਦ ਸਿਵਲ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਇਆ। ਦੂਜੇ ਪਾਸੇ, ਮੁਲਜ਼ਮ ਪੁਲਸ ਕਰਮਚਾਰੀ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਉਸ ਦੀ ਡਿਊਟੀ ਥਾਣੇ ਦੇ ਅੰਦਰ ਦੀ ਸੀ, ਇਸ ਲਈ ਉਹ ਬਾਹਰ ਨਹੀਂ ਜਾ ਸਕਿਆ। ਹਾਲਾਂਕਿ, ਇਸ ਘਟਨਾ ਨੇ ਪੁਲਸ ਦੇ 'ਸੇਫ ਸਿਟੀ' ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਜਿਸ ਜਗ੍ਹਾ ਵਾਰਦਾਤ ਹੋਈ, ਉੱਥੋਂ ਥਾਣਾ ਮਹਿਜ਼ ਕੁਝ ਹੀ ਮੀਟਰ ਦੀ ਦੂਰੀ 'ਤੇ ਹੈ। ਫਿਲਹਾਲ ਪੀੜਤਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


author

Anmol Tagra

Content Editor

Related News