ਸੁੱਤੇ ਪਏ ਵਿਅਕਤੀ ਨੂੰ ਸੱਪ ਨੇ ਮਾਰਿਆ ਡੰਗ, ਹਸਪਤਾਲ ''ਚ ਦਾਖ਼ਲ
Friday, Jul 28, 2023 - 11:36 AM (IST)

ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਹਰੀਪੁਰ ਕੂੜਾਂ ਵਿਖੇ ਘਰ 'ਚ ਸੁੱਤੇ ਪਏ ਇਕ ਵਿਅਕਤੀ ਨੂੰ ਸੱਪ ਨੇ ਡੰਗ ਮਾਰ ਲਿਆ, ਜਿਸ ਦਾ ਸਰਕਾਰੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਉਕਤ ਵਿਅਕਤੀ ਦੀ ਸਿਹਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਸਪਤਾਲ 'ਚ ਇਲਾਜ ਅਧੀਨ ਹਰਮੀਤ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਸਿੱਖਿਆ ਵਿਭਾਗ 'ਚ ਨੌਕਰੀ ਕਰਦਾ ਹੈ। ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਗੰਦਗੀ ਫੈਲੀ ਹੋਈ ਹੈ, ਜਿਸ ਕਾਰਨ ਇੱਥੇ ਸੱਪ ਘੁੰਮਦੇ ਰਹਿੰਦੇ ਹਨ।
ਬੀਤੀ ਸਵੇਰੇ ਸਾਢੇ 5 ਵਜੇ ਉਹ ਕਮਰੇ 'ਚ ਸੁੱਤਾ ਪਿਆ ਸੀ। ਉਸ ਨੂੰ ਅਜਿਹਾ ਦਰਦ ਮਹਿਸੂਸ ਹੋਇਆ, ਜਿਵੇਂ ਕੋਈ ਚੀਜ਼ ਉਸ ਦੀ ਪਿੱਠ ’ਤੇ ਕੱਟ ਰਹੀ ਹੋਵੇ। ਉਸ ਨੇ ਆਪਣੇ ਕੋਲ ਪਿਆ ਕੰਬਲ ਸੁੱਟ ਦਿੱਤਾ ਅਤੇ ਕਮਰੇ ਦੀ ਲਾਈਟ ਆਨ ਕੀਤੀ ਤਾਂ ਦੇਖਿਆ ਕਿ ਸੱਪ ਉਸ ਦੇ ਮੰਜੇ ਦੇ ਹੇਠਾਂ ਰੇਂਗ ਰਿਹਾ ਸੀ, ਜਿਸ ਤੋਂ ਬਚਣ ਲਈ ਉਸ ਨੇ ਸੱਪ ਨੂੰ ਮਾਰ ਦਿੱਤਾ। ਉਸ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਦੁਪਹਿਰ ਤੱਕ ਉਸ ਨੂੰ ਸਾਹ ਲੈਣ 'ਚ ਤਕਲੀਫ਼ ਅਤੇ ਛਾਤੀ 'ਚ ਦਰਦ ਹੋਣ ਲੱਗਾ। ਡੇਰਾਬੱਸੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਧਰਮਿੰਦਰ ਸਿੰਘ ਨੇ ਦੱਸਿਆ ਕਿ ਡੇਰਾਬੱਸੀ ਹਸਪਤਾਲ 'ਚ ਸੱਪ ਦੇ ਡੰਗਣ ਦੇ 2 ਕੇਸ ਸਾਹਮਣੇ ਆਏ ਹਨ। ਡੇਰਾਬੱਸੀ ਵਾਸੀ ਪਰਮਵੀਰ ਸਿੰਘ ਨੂੰ ਵੀ ਸੱਪ ਨੇ ਡੰਗ ਲਿਆ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਤੋਂ ਇਲਾਵਾ ਹਰਮੀਤ ਸਿੰਘ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।