ਨਸ਼ੇ ਵਾਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ 'ਚ ਕੈਦ ਤੇ ਜੁਰਮਾਨਾ
Saturday, Jan 27, 2018 - 02:45 PM (IST)

ਮੋਗਾ (ਸੰਦੀਪ) - ਜ਼ਿਲਾ ਅਤੇ ਐਡੀਸ਼ਨਲ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਲਗਭਗ ਸਾਢੇ 3 ਸਾਲ ਪਹਿਲਾਂ ਥਾਣਾ ਸਿਟੀ-2 ਪੁਲਸ ਵੱਲੋਂ 100 ਗ੍ਰਾਮ ਨਸ਼ੇ ਵਾਲੇ ਪਾਊਡਰ ਦੀ ਤਸਕਰੀ 'ਚ ਸ਼ਾਮਲ ਇਕ ਸਮੱਗਲਰ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ 'ਚ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣ ਦਾ ਆਦੇਸ਼ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ-2 ਪੁਲਸ ਵੱਲੋਂ 4 ਅਗਸਤ 2015 ਨੂੰ ਥਾਣੇ ਦੀ ਹੱਦਬੰਦੀ 'ਚ ਹੀ ਗਸ਼ਤ ਦੌਰਾਨ ਪੈਦਲ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਉਸ ਕੋਲੋਂ 100 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕਰ ਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਅਦਾਲਤ ਨੇ ਇਸ ਮਾਮਲੇ ਦੇ ਦੋਸ਼ੀ ਵਿੱਕੀ ਕੁਮਾਰ ਉਰਫ ਅੰਗਰੇਜ਼ ਸਿੰਘ ਵਾਸੀ ਮੁਹੱਲਾ ਲਾਹੌਰੀਆਂ ਨੂੰ ਅੰਤਿਮ ਸੁਣਵਾਈ ਉਪਰੰਤ ਇਹ ਸਜ਼ਾ ਸੁਣਾਈ ਹੈ।