ਨਸ਼ੇਡ਼ੀਆਂ ਦੇ ਜ਼ਰੀਏ ਨਸ਼ਾ ਸਮੱਗਲਰਾਂ ਨੂੰ ਪਾਈ ਜਾਵੇਗੀ ਨੱਥ

Friday, Jul 06, 2018 - 06:22 AM (IST)

ਪਟਿਆਲਾ(ਬਲਜਿੰਦਰ)-ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲੇ ਵਿਚ ਨਸ਼ਾ  ਸਮੱਗਲਰਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਪੁਲਸ ਵੱਲੋਂ ਇਸ ਵਾਰ ਨਸ਼ੇਡ਼ੀਆਂ ਦੇ ਜ਼ਰੀਏ ਸਮੱਗਲਰਾਂ ਤੱਕ ਪਹੁੰਚਣ ਦੀ  ਕੋਸ਼ਿਸ਼  ਕੀਤੀ ਜਾ ਰਹੀ ਹੈ। ਜ਼ਿਲੇ ਵਿਚ ਹਰ ਥਾਣੇ ਵੱਲੋਂ ਨਸ਼ਾ ਕਰਨ ਵਾਲਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਨ੍ਹਾਂ ਦੇ ਜ਼ਰੀਏ ਪਹਿਲਾਂ ਛੋਟੇ ਅਤੇ ਫਿਰ ਵੱਡੇ ਸਮੱਗਲਰਾਂ ਤੱਕ ਪਹੁੰਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਸ ਨੇ ਸਭ ਤੋਂ ਅਹਿਮ ਗੱਲ ਹੈ ਕਿ ਸਪਲਾਈ ਲਾਈਨ ਤੋਡ਼ਨ ਦੀ ਤਿਆਰੀ ਕਰ ਲਈ ਹੈ। ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਵੀ ਕੀਤੀਆਂ ਗਈਆਂ ਸਨ। ਅੰਤਰਰਾਜ਼ੀ ਮੀਟਿੰਗਾਂ ਤੱਕ ਕੀਤੀਆਂ ਗਈਆਂ ਸਨ ਪਰ ਇਸ ਵਾਰ ਪਹਿਲੀ ਵਾਰ ਨਸ਼ੇਡ਼ੀਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਦੇ ਪਿੱਛੇ ਵੀ ਪੁਲਸ ਵੱਲੋਂ ਦੋਹਰਾ ਮਕਸਦ ਦੱਸਿਆ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਦਾ ਇਲਾਜ ਕਰਨਾ ਤੇ ਦੂਜਾ ਉਨ੍ਹਾਂ ਦੇ ਜ਼ਰੀਏ ਨਸ਼ੇ  ਦੇ ਸੌਦਾਗਰਾਂ ਨੂੰ ਨੱਥ ਪਾਉਣਾ।  ਪੁਲਸ ਨੇ ਪਿਛਲੇ ਕਈ ਦਿਨਾਂ ਤੋਂ ਕਾਫੀ ਵੱਡੀ ਗਿਣਤੀ ਵਿਚ ਲਿਸਟ ਤਿਆਰ ਵੀ ਲਈ ਹੈ। 
 ਛੋਟੇ ਸਮੱਗਲਰਾਂ ਖਿਲਾਫ ਕਾਰਵਾਈ ਸ਼ੁਰੂ 
 ਪਟਿਆਲਾ ਪੁਲਸ ਨੇ ਛੋਟੇ ਸਮੱਗਲਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਪੁਲਸ ਨੇ ਵੱਖ-ਵੱਖ ਥਾਣਿਆਂ ਵਿਚ ਕੁੱਲ 11 ਕੇਸ ਨਸ਼ਾ ਸਮੱਗਲਰਾਂ ਖਿਲਾਫ ਦਰਜ ਕੀਤੇ ਹਨ। ਇਨ੍ਹਾਂ ਵਿਚ 4 ਕੇਸ ਰਾਜਪੁਰਾ ਸਿਟੀ ਪੁਲਸ ਥਾਣੇ ਵਿਚ, 3 ਕੇਸ ਸਦਰ ਨਾਭਾ, 2 ਕੇਸ ਘੱਗਾ, 1 ਕੇਸ ਥਾਣਾ ਸਦਰ ਪਟਿਆਲਾ ਅਤੇ ਥਾਣਾ ਅਰਬਨ ਅਸਟੇਟ ਵਿਖੇ ਦਰਜ ਕੀਤਾ ਗਿਆ ਹੈ।
 ਇਨ੍ਹਾਂ 11 ਕੇਸਾਂ ਵਿਚ ਕੁੱਲ 1150 ਨਸ਼ੇ ਵਾਲੇ ਕੈਪਸੂਲ, 1.62 ਕਿਲੋ ਗਾਂਜਾ, 16 ਇੰਜੈਕਸ਼ਨ ਤੇ 25 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਹੈ। 
 209 ਵਿਅਕਤੀ ਪਹੁੰਚਾਏ ਨਸ਼ਾ-ਛਡਾਊ ਕੇਂਦਰਾਂ ’ਚ
 ਪਟਿਆਲਾ ਪੁਲਸ ਨੇ ਪਿਛਲੇ ਕੁੱਝ ਦਿਨਾਂ ਵਿਚ 209 ਵਿਅਕਤੀਆਂ ਨੂੰ ਨਸ਼ਾ-ਛੁਡਾਊ ਕੇਂਦਰਾਂ ਵਿਚ ਪਹੁੰਚਾਇਆ ਹੈ । ਅਹਿਮ ਗੱਲ ਹੈ ਕਿ ਇਨ੍ਹਾਂ ਨਸ਼ਾ ਕਰਨ ਵਾਲਿਆਂ ਦੇ ਜ਼ਰੀਏ ਨਸ਼ਾ ਵੇਚਣ ਵਾਲਿਆਂ ਦੀ ਪੂਰੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਆਈ. ਜੀ. ਪਟਿਆਲਾ ਰੇਂਜ ਸ਼੍ਰੀ ਏ. ਐੈੱਸ. ਰਾਏ ਇਸ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲਿਆਂ ਦੇ ਨਾਲ-ਨਾਲ ਛੋਟੇ ਸਮੱਗਲਰਾਂ ਦੀਆਂ ਲਿਸਟਾਂ ਵੀ ਤਿਆਰ ਕਰ ਲਈਆਂ ਗਈਆਂ ਹਨ। ਉਨ੍ਹਾਂ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਐੈੱਸ. ਐੈੱਸ. ਪੀ. ਡਾ. ਐੈੱਸ. ਭੂਪਤੀ ਨੇ ਵੀ ਸਮੱਗਲਰਾਂ ਖਿਲਾਫ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਜਾਰੀ ਕੀਤੇ ਹਨ। 
 ਹਰ ਐੈੱਸ. ਐੈੱਚ. ਓ. ਆਪਣੇ ਏਰੀਏ ਦੀ ਲਿਸਟ ਸੌਂਪੇਗਾ
 ਪਟਿਆਲਾ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਕੀਤੀ ਗਈ ਕਾਰਵਾਈ ਵਿਚ ਹਰ ਐੈੱਸ. ਐੈੱਚ. ਓ. ਨੂੰ ਆਪੋ-ਆਪਣੇ ਏਰੀਏ ਦੇ ਨਸ਼ਾ ਕਰਨ ਵਾਲਿਆਂ ਦੀਆਂ ਲਿਸਟਾਂ ਤਿਆਰ ਕਰਨ ਲਈ ਕਿਹਾ ਗਿਆ ਹੈ। ਉਹ ਆਪਣੇ ਏਰੀਏ ਦੀ ਲਿਸਟ ਸੌਂਪੇਗਾ। ਉਸ ਦੇ ਆਧਾਰ ’ਤੇ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


Related News