32 ਕਿਲੋ ਗਾਂਜੇ ਸਮੇਤ ਤਿੰਨ ਸਮਗਲਰ ਗ੍ਰਿਫਤਾਰ
Monday, Jun 06, 2022 - 05:48 PM (IST)
ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ ਛੇੜੀ ਮੁਹਿੰਮ ਤਹਿਤ ਬੀਤੀ ਰਾਤ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਦਵਿੰਦਰ ਕੁਮਾਰ ਚੌਧਰੀ ਅਤੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੁਲਸ ਟੀਮ ਬਾਪੂ ਮਾਰਕੀਟ ਲੌਹਾਰਾ ’ਚ ਮੌਜੂਦ ਸੀ ਤਾਂ ਉਸੇ ਸਮੇਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਮੁਹੱਲਾ ਨਿਊ ਸਤਿਗੁਰੂ ਨਗਰ ’ਚ 2 ਨਸ਼ਾ ਸਮੱਗਲਰ ਐਕਟਿਵਾ ’ਤੇ ਸਵਾਰ ਹੋ ਕੇ ਗਾਂਜੇ ਦੀ ਸਪਲਾਈ ਕਰਨ ਆਏ ਹਨ।
ਇਸ ਮੁਖ਼ਬਰੀ ’ਤੇ ਐੱਸ. ਟੀ. ਐੱਫ. ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ 2 ਕਿਲੋ ਗਾਂਜਾ ਬਰਾਮਦ ਹੋਇਆ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੋਨੂ ਕੁਮਾਰ (28) ਪੁੱਤਰ ਸੰਜੇ ਉਪਾਦਿਆ ਕੁਮਾਰ ਅਤੇ ਅਖਲੇਸ਼ ਕੁਮਾਰ (34) ਪੁੱਤਰ ਅਰੁਣ ਕੁਮਾਰ ਨਿਵਾਸੀ ਮਹੱਲਾ ਸੁਮਨ ਹੀਰੋ ਨਗਰ ਸਾਹਨੇਵਾਲ ਦੇ ਰੂਪ ’ਚ ਕੀਤੀ ਗਈ। ਪੁਲਸ ਨੇ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਖਲੇਸ਼ ਕੁਮਾਰ ਦੇ ਘਰ ’ਤੇ ਛਾਪੇਮਾਰੀ ਕੀਤੀ। ਇਥੇ ਪੁਲਸ ਨੇ ਸੰਜੇ ਉਪਾਦਿਆ (51) ਪੁੱਤਰ ਭੁਵਨੇਸ਼ਵਰ ਉਪਾਦਿਆ ਨੂੰ 30 ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਨਸ਼ਾ ਸਮੱਗਲਰਾਂ ਖ਼ਿਲਾਫ ਮੋਹਾਲੀ ਐੱਸ. ਟੀ. ਐੱਫ. ਪੁਲਸ ਸਟੇਸ਼ਨ ’ਚ ਐੱਨ. ਡੀ. ਪੀ. ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਜੇ ’ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਅੱਧਾ ਦਰਜਨ ਮਾਮਲੇ ਦਰਜ ਹਨ। ਇਕ ਮਾਮਲੇ ’ਚ ਸਜ਼ਾ ਕੱਟ ਚੁੱਕਾ ਹੈ। ਤਿੰਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਸਾਥੀਆਂ ਦੇ ਬਾਰੇ ਪੁੱਛਗਿੱਛ ਕੀਤੀ ਜਾ ਸਕੇ।