ਵੱਡੀ ਕਾਮਯਾਬੀ, ਬਦਨਾਮ ਨਸ਼ਾ ਤਸਕਰ ਤੋਂ ਨਜਾਇਜ਼ ਅਸਲਾ ਅਤੇ 35 ਲੱਖ ਰੁਪਏ ਡਰੱਗ ਮਨੀ ਬਰਾਮਦ
Tuesday, Jun 01, 2021 - 04:28 PM (IST)
ਬਟਾਲਾ (ਸਾਹਿਲ) : ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਵਲੋਂ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੁਰਿੰਦਰਬੀਰ ਸਿੰਘ ਡੀ.ਐੱਸ.ਪੀ. ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਇਕ ਨਸ਼ਾ ਤਸਕਰ ਤੋਂ ਨਜਾਇਜ਼ ਅਸਲਾ ਅਤੇ 25 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਆਈ. ਦਲਜੀਤ ਸਿੰਘ ਇੰਚਾਰਜ ਸੀ.ਆਈ. ਏ. ਬਟਾਲਾ ਸਮੇਤ ਪੁਲਸ ਪਾਰਟੀ ਬਾਈਪਾਸ ਪੁਲ ਗੋਖੂਵਾਲ ਡੇਰਾ ਬਾਬਾ ਨਾਨਕ ਰੋਡ ਬਟਾਲਾ ਨਾਕਾਬੰਦੀ ਦੌਰਾਨ ਸੰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਭੰਡਾਰੀ ਗੇਟ ਨੇੜੇ ਸ਼ੀਤਲਾ ਮੰਦਿਰ ਬਟਾਲਾ ਅਤੇ ਸਰਵਨ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪੁਰੀਆਂ ਕਲਾਂ ਥਾਣਾ ਸਦਰ ਬਟਾਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਟਲ 32 ਬੋਰ, 1 ਪਿਸਟਲ 30 ਬੋਰ, 2 ਗੰਨਾ 12 ਬੋਰ ਡੀ. ਬੀ. ਬੀ. ਐੱਲ, ਏਅਰ ਗੰਨ, 2 ਦੇਸੀ ਕੱਟੇ 315 ਬੋਰ ਸਮੇਤ 101 ਰੋਂਦ ਜ਼ਿੰਦਾ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 103 ਮਿਤੀ 26.05.2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲ ਦਰਜ ਕੀਤਾ।
ਤਫ਼ਦੀਸ਼ ਦੌਰਾਨ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਥਾਣਾ ਸਦਰ ਨੂੰ ਮੁੱਕਦਮਾ ਵਿਚ ਨਾਮਜ਼ਦ ਹੋਇਆ ਸੀ। ਇਸ ਦੌਰਾਨ ਹੀ ਜੋਗਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਪੁਰੀਆਂ ਕਲਾਂ ਥਾਣਾ ਸਦਰ ਨੂੰ ਜੋ ਮੁੱਕਦਮਾ ਨੰਬਰ 199 ਮਿਤੀ 10-10-2020 ਜੁਰਮ 21/29/61/85 ਐੱਨ. ਡੀ. ਪੀ. ਐੱਸ. ਥਾਣਾ ਸਦਰ ਵਿਚ ਕੇਂਦਰੀ ਜੇਲ ਅੰਮ੍ਰਿਤਸਰ ਬੰਦ ਸੀ ਨੂੰ ਮੁੱਕਦਮਾ ਨੰਬਰ 103 ਮਿਤੀ 26.05.2021 ਜੁਰਮ 25-54-59 ਅਸਲਾ ਐਕਟ ਥਾਣਾ ਸਿਵਲ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕਿ ਉਸ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਦੋਸ਼ੀ ਦੇ ਫਰਦ ਇੰਕਸ਼ਾਫ ਕਰਨ ’ਤੇ ਉਸ ਪਾਸੋਂ 35 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਸਮੱਗਲਰ ਜੋਗਿੰਦਰ ਸਿੰਘ ਦੀ 1 ਕਰੋੜ 17 ਲੱਖ ਦੀ ਪ੍ਰੋਪਰਟੀ ਜੋ ਕਿ ਨਸ਼ੇ ਦੀ ਕਮਾਈ ਤੋਂ ਬਣਾਈ ਸੀ, ਫ੍ਰੀਜ ਕੀਤੀ ਜਾ ਚੁੱਕੀ ਹੈ।
ਦੋਸ਼ੀ ਜੋਗਿੰਦਰ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਵਿਚ ਐੱਨ.ਡੀ.ਪੀ.ਐਸ. ਐਕਟ ਦੇ 10, ਲੁੱਟ-ਖੋਹਾਂ ਦੇ 2, ਚੋਰੀਆਂ ਦੇ 2, ਅਸਲਾ ਐਕਟ ਦਾ 1 ਅਤੇ ਐਕਸਾਈਜ਼ ਐਕਟ ਦਾ 1 ਕੁੱਲ 16 ਮੁਕੱਦਮੇ ਦਰਜ ਹਨ। ਦੱਸਣਯੋਗ ਹੈ ਕਿ ਦੋਸ਼ੀ ਜੋਗਿੰਦਰ ਸਿੰਘ ਤੋਂ ਮਿਤੀ 10-10-2020 ਨੂੰ 1 ਕਿੱਲੋ ਹੈਰੋਇਨ, 1, 35,000 ਰੁਪਏ ਡਰੱਗ ਮਨੀ, ਇਕ ਵੈਨਿਓ ਕਾਰ ਅਤੇ ਇਸਦੇ ਭਾਣਜੇ ਸਰਵਨ ਸਿੰਘ ਵਾਸੀ ਮਾੜੀ ਪੰਨਵਾਂ ਤੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਦੀ ਪਤਨੀ ਅਮਰਜੀਤ ਕੌਰ ਤੋਂ ਜਨਵਰੀ ਵਿਚ 1 ਕਿਲੋ 300 ਗ੍ਰਾਮ ਹੈਰੋਇਨ ਅਤੇ 1 ਪਿਸਟਲ ਮਾਰਕਾ ਬਰੇਟਾ ਬਰਾਮਦ ਹੋਇਆ ਹੈ। ਇਹ ਸਾਰਾ ਪਰਿਵਾਰ ਹੀ ਨਸ਼ੇ ਦੀ ਤਸਕਰੀ ਕਰ ਰਿਹਾ ਹੈ। ਦੋਸ਼ੀ ਜੋਗਿੰਦਰ ਸਿੰਘ ਤੋਂ ਹੋਰ ਪੁੱਛ-ਗਿੱਛ ਜਾਰੀ ਹੈ, ਜਿਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।