ਛੋਟੇ ਹਾਥੀ ਅਤੇ ਆਈ-20 ਦੀ ਟੱਕਰ, ਦੋ ਜ਼ਖਮੀ

09/29/2017 2:38:22 AM

ਭਾਮੀਆਂ ਕਲਾਂ,  (ਜ.ਬ.)-  ਤਾਜਪੁਰ ਰੋਡ 'ਤੇ ਗਰੇਵਾਲ ਪੈਟਰੋਲ ਪੰਪ ਦੇ ਨਜ਼ਦੀਕ ਇਕ ਆਈ-20 ਕਾਰ ਅਤੇ ਛੋਟੇ ਹਾਥੀ ਵਿਚਕਾਰ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਗੱਡੀਆਂ ਦੇ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਓਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਪਿੰਡ ਤਾਜਪੁਰ ਬੇਟ ਦਾ ਰਹਿਣ ਵਾਲਾ ਚੰਦਨ ਅਗਰਵਾਲ ਪੁੱਤਰ ਅਨਿਲ ਅਗਰਵਾਲ ਆਪਣੇ ਕਿਸੇ ਕੰਮ ਦੇ ਸਬੰਧ 'ਚ ਆਈ-20 ਗੱਡੀ ਰਾਹੀਂ ਸ਼ਹਿਰ ਵੱਲ ਜਾ ਰਿਹਾ ਸੀ। ਜਦਕਿ ਇਸੇ ਦੌਰਾਨ ਪੰਪ ਦੇ ਨੇੜੇ ਹੀ ਸਥਿਤ ਇਕ ਸੀਮੈਂਟ ਸਟੋਰ 'ਤੇ ਕੰਮ ਕਰਨ ਵਾਲੇ ਅਰੁਣ ਕੁਮਾਰ ਛੋਟੂ ਸ਼ਹਿਰ ਵਾਲੀ ਸਾਈਡ ਤੋਂ ਆ ਰਿਹਾ ਸੀ। ਇਸੇ ਦੌਰਾਨ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਜਿਥੇ ਛੋਟਾ ਹਾਥੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਉਥੇ ਹੀ ਆਈ-20 ਵੀ ਪਲਟ ਗਈ। ਰਾਹਗੀਰਾਂ ਨੇ ਤੁਰੰਤ ਦੋਵਾਂ ਗੱਡੀਆਂ ਦੇ ਚਾਲਕਾਂ ਨੂੰ ਬਾਹਰ ਕੱਢਦੇ ਹੋਏ ਇਲਾਜ ਲਈ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਚਾਲਕ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News