ਚੋਣਾਂ ਦੌਰਾਨ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਨੂੰ ਮਿਲਣਗੇ 20 ਲੱਖ
Thursday, Dec 25, 2025 - 12:18 AM (IST)
ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਮਾਲੀ ਸਹਾਇਤਾ ਜਾਰੀ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਨੇ ਚੋਣ ਡਿਊਟੀ ਦੌਰਾਨ ਆਪਣੀ ਜਾਨ ਗਵਾਈ ਸੀ। ਇਹ ਸਹਾਇਤਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਵਾਪਰੇ ਇਕ ਦੁਖਦਾਈ ਸੜਕ ਹਾਦਸੇ ’ਚ ਮਾਰੇ ਗਏ ਅਧਿਆਪਕ ਜੋੜੇ ਦੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ। ਚੋਣਾਂ ਦੌਰਾਨ ਵਾਪਰੇ ਹਾਦਸੇ ’ਚ ਸਰਕਾਰੀ ਸਕੂਲ ਦੇ ਅਧਿਆਪਕ ਜਸਕਰਨ ਸਿੰਘ ਭੁੱਲਰ (ਅੰਗਰੇਜ਼ੀ ਮਾਸਟਰ) ਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ (ਡੀ.ਪੀ.ਈ.) ਦੀ ਮੌਤ ਹੋ ਗਈ ਸੀ। ਮੁੱਖ ਮੰਤਰੀ ਨੇ ਪ੍ਰਤੀ ਮ੍ਰਿਤਕ 10.00 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 20 ਲੱਖ ਰੁਪਏ ਦੀ ਮਾਲੀ ਸਹਾਇਤਾ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਇਹ 20 ਲੱਖ ਰੁਪਏ ਦੀ ਰਾਸ਼ੀ ਡਿਪਟੀ ਕਮਿਸ਼ਨਰ, ਮੋਗਾ ਦੇ ਬੈਂਕ ਖਾਤੇ ’ਚ ਆਰ.ਟੀ.ਜੀ.ਐੱਸ. ਰਾਹੀਂ ਟ੍ਰਾਂਸਫਰ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਰਾਸ਼ੀ ਤੁਰੰਤ ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਜਾਂ ਕਾਨੂੰਨੀ ਵਾਰਸਾਂ ਦੇ ਬੈਂਕ ਖਾਤਿਆਂ ’ਚ ਟ੍ਰਾਂਸਫਰ ਕਰ ਕੇ ਇਸ ਦੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਵੇ।
