ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ 6 ਲੱਖ ਰੁਪਏ
Saturday, Nov 25, 2017 - 06:52 AM (IST)

ਤਰਨਤਾਰਨ, (ਰਾਜੂ, ਲਾਲੂਘੁੰਮਣ, ਬਖਤਾਵਰ)- ਥਾਣਾ ਝਬਾਲ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 6 ਲੱਖ ਰੁਪਏ ਧੋਖੇ ਨਾਲ ਲੈਣ ਅਤੇ ਸਿਰਫ ਤਿੰਨ ਮਹੀਨਿਆਂ ਦਾ ਵੀਜ਼ਾ ਲਵਾਉਣ ਦੇ ਦੋਸ਼ ਹੇਠ ਇਕ ਪਰਿਵਾਰ ਦੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੁੱਦਈ ਜਸਵੰਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਪੰਜਵੜ ਖੁਰਦ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ, ਨਰਿੰਦਰ ਕੌਰ ਪਤਨੀ ਦਵਿੰਦਰ ਸਿੰਘ ਤੇ ਦਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਵਾਸੀਅਨ ਭੈਣੀ ਮੱਟੂਆ ਨੇ ਮੇਰੇ ਲੜਕੇ ਹਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 6 ਲੱਖ ਰੁਪਏ ਸਮੇਤ ਪਾਸਪੋਰਟ ਧੋਖੇ ਨਾਲ ਲੈ ਲਏ ਅਤੇ ਸਿਰਫ ਤਿੰਨ ਮਹੀਨਿਆਂ ਦਾ ਵੀਜ਼ਾ ਲਵਾ ਕੇ ਵਿਦੇਸ਼ ਸੱਦ ਲਿਆ। ਉਸ ਤੋਂ ਬਾਅਦ ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਨੂੰ ਸਾਈਪਰਸ ਪੁਲਸ ਨੂੰ ਗ੍ਰਿਫਤਾਰ ਕਰਵਾ ਕੇ ਆਪ ਭਾਰਤ ਆ ਗਿਆ ਅਤੇ ਹਰਪ੍ਰੀਤ ਸਿੰਘ ਸਾਈਪਰਸ ਵਿਖੇ ਮਾਨਸਿਕ ਬੀਮਾਰ ਹੋਣ ਤੋਂ ਬਾਅਦ ਭਾਰਤ ਵਾਪਸ ਆਇਆ। ਉਕਤ ਦੋਸ਼ੀਆਂ ਨੇ ਮੇਰੇ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੁੱਦਈ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।