ਪਤੀ ਵਲੋਂ ਵਿਦੇਸ਼ ਲਿਜਾਣ ਦੇ ਨਾਂ ''ਤੇ ਧੋਖਾਧੜੀ, ਪੁਲਸ ਨੇ ਮਾਮਲਾ ਕੀਤਾ ਦਰਜ
Tuesday, Sep 09, 2025 - 01:18 PM (IST)

ਜ਼ੀਰਾ (ਰਾਜੇਸ਼ ਢੰਡ) : ਜ਼ੀਰਾ ਵਿਖੇ ਇਕ ਪਤੀ ਅਤੇ ਉਸਦੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਵਿਦੇਸ਼ ਲਿਜਾਣ ਦੇ ਬਹਾਨੇ ਧੋਖਾਧੜੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਵਿਰਸਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬੇਰੀ ਵਾਲਾ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ 26 ਸਤੰਬਰ 2022 ਨੂੰ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਹੋਇਆ ਸੀ, ਜੋ ਅਮਨ ਨਗਰ ਬੱਸ ਸਟੈਂਡ ਦੀ ਬੈਕਸਾਈਡ, ਮਲੋਟ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਉਸਦੀ ਧੀ ਨੂੰ ਉਸਦੇ ਸਹੁਰਾ ਪਰਿਵਾਰ ਨੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਉਸਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸਿਆਂ ਦੀ ਮੰਗ ਕੀਤੀ ਗਈ।
ਵਿਰਸਾ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦੀ ਜ਼ਮੀਨ ਵੇਚ ਕੇ ਪੈਸੇ ਇਕੱਠੇ ਕੀਤੇ ਅਤੇ ਆਪਣੀ ਧੀ ਦੇ ਪਤੀ ਨੂੰ ਦਿੱਤੇ। ਉਸਦੀ ਧੀ ਦਾ ਪਤੀ ਪੈਸੇ ਲੈ ਕੇ ਵਿਦੇਸ਼ ਚਲਾ ਗਿਆ, ਪਰ ਬਾਅਦ ਵਿਚ ਉਸਨੇ ਧੀ ਨੂੰ ਵਿਦੇਸ਼ ਨਹੀਂ ਬੁਲਾਇਆ। ਧੀ ਦੇ ਪਤੀ ਨੇ ਉਸਦੇ ਸਾਰੇ ਜ਼ਰੂਰੀ ਕਾਗਜ਼ਾਤ ਵੀ ਆਪਣੇ ਕੋਲ ਰੱਖ ਲਏ ਅਤੇ ਉਸਨੂੰ ਆਪਣੇ ਨਾਲ ਰੱਖਣ ਤੋਂ ਵੀ ਇਨਕਾਰ ਕਰ ਦਿੱਤਾ। ਥਾਣਾ ਸਦਰ ਜ਼ੀਰਾ ਪੁਲਸ ਦੇ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਇਸ ਮਾਮਲੇ ਦੀ ਜਾਂਚ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਰਸਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਹਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।