ਮਲੋਟ ਦੇ ਨੌਜਵਾਨ ਗੌਰਵ ਨੇ ‘ਕੌਨ ਬਨੇਗਾ ਕਰੋੜਪਤੀ’ ’ਚ ਜਿੱਤੇ 2 ਲੱਖ ਰੁਪਏ
Wednesday, Sep 10, 2025 - 04:36 AM (IST)

ਮਲੋਟ - ਟੀ. ਵੀ. ਦੀ ਦੁਨੀਆ ਦੇ ਸਭ ਤੋਂ ਵੱਡੇ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ 17ਵੇਂ ਸੀਜ਼ਨ ਵਿਚ ਮਲੋਟ ਸ਼ਹਿਰ ਦੇ ਨੌਜਵਾਨ ਗੌਰਵ ਕੁਮਾਰ ਨੇ ਵੀ ਬਾਜ਼ੀ ਮਾਰੀ ਹੈ। ਗੌਰਵ ਨਾ ਸਿਰਫ ਹੌਟ ਸੀਟ ’ਤੇ ਪਹੁੰਚਿਆ ਬਲਕਿ ਉਸ ਨੇ 2 ਲੱਖ ਰੁਪਏ ਦੀ ਰਕਮ ਵੀ ਜਿੱਤ ਲਈ।
ਸੁਪਰ ਸਟਾਰ ਅਮਿਤਾਭ ਬੱਚਨ ਦੇ ਸਵਾਲਾਂ ਦੇ ਜਵਾਬ ਮਲੋਟ ਦੇ ਏਕਤਾ ਨਗਰ ਵਾਸੀ ਅਤੇ ਮੌਜੂਦਾ ਸਮੇਂ ਮਹਾਰਾਜਾ ਰਣਜੀਤ ਸਿੰਘ ਕਾਲਜ ਵਿਖੇ ਸੇਵਾਵਾਂ ਦੇ ਰਹੇ ਗੌਰਵ ਕੁਮਾਰ ਵਲੋਂ ਦਿੱਤੇ ਗਏ। ਉਸ ਨੇ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਫੋਨ ’ਤੇ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਉਸ ਦੀ ਸਿਲੈਕਸ਼ਨ ਦਿੱਲੀ ਆਡੀਸ਼ਨ ਵਿਚ ਹੋਈ, ਜਿੱਥੋਂ ਜੇਤੂ ਰਹਿ ਕੇ ਉਸ ਨੂੰ ‘ਕੌਨ ਬਨੇਗਾ ਕਰੋੜਪਤੀ’ ਦੇ 17ਵੇਂ ਸੀਜ਼ਨ ਵਿਚ ਫਾਸਟ ਫਿੰਗਰ ਰਾਊਂਡ ਕਲੀਅਰ ਕਰ ਕੇ ਸੁਪਰ ਸਟਾਰ ਅਮਿਤਾਭ ਬੱਚਨ ਨਾਲ ਹੌਟ ਸੀਟ ’ਤੇ ਸਵਾਲਾਂ ਦੇ ਜਵਾਬ ਦੇਣ ਦਾ ਸੁਨਹਿਰੀ ਮੌਕਾ ਮਿਲਿਆ।
ਇਥੋਂ ਉਸ ਨੇ 2 ਲੱਖ ਰੁਪਏ ਦੀ ਰਕਮ, ਇਕ ਸਕੂਟਰੀ ਅਤੇ ਇਕ ਸੋਨੇ ਦਾ ਸਿੱਕਾ ਜਿੱਤਿਆ। ਉਸ ਨੂੰ ਇਸ ਪ੍ਰਾਪਤੀ ਲਈ ਇਲਾਕੇ ਦੇ ਪਤਵੰਤਿਆਂ ਅਤੇ ਰਿਟਾਇਰ ਪ੍ਰਿੰਸੀਪਲ ਵਿਜੈ ਗਰਗ ਨੇ ਵਧਾਈ ਦਿੱਤੀ ਹੈ ।