ਜੱਜ ਦੇ ਨਾਂ ’ਤੇ ਰਿਸ਼ਵਤ ਮੰਗਣ ਦੇ ਮੁਲਜ਼ਮ ਦੀ ਜ਼ਮਾਨਤ ਰੱਦ
Tuesday, Sep 02, 2025 - 03:05 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜੱਜ ਦੇ ਨਾਂ ’ਤੇ 30 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਵਕੀਲ ਜਤਿਨ ਸਲਵਾਨ ਦੀ ਜ਼ਮਾਨਤ ਪਟੀਸ਼ਨ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰੱਦ ਕਰ ਦਿੱਤੀ। ਸੀ. ਬੀ. ਆਈ. ਨੇ ਜਤਿਨ ਸਲਵਾਨ ਅਤੇ ਇਕ ਵਿਚੋਲੇ ਸਤਨਾਮ ਸਿੰਘ ਨੂੰ ਤਲਾਕ ਦੇ ਇਕ ਮਾਮਲੇ 'ਚ ਰਿਸ਼ਵਤ ਮੰਗਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਖ਼ਿਲਾਫ਼ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਰਸਿਮਰਨਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ।
ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਤਲਾਕ ਦੇ ਕੇਸ ਬਠਿੰਡਾ ਦੀ ਅਦਾਲਤ ਵਿਚ ਪੈਂਡਿੰਗ ਹੈ। ਵਕੀਲ ਜਤਿਨ ਸਲਵਾਨ ਨੇ ਉਸ ਕੇਸ ਵਿਚ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਕਰਵਾਉਣ ਦਾ ਦਾਅਵਾ ਕਰਦੇ ਹੋਏ 30 ਲੱਖ ਰੁਪਏ ਦੀ ਮੰਗ ਕੀਤੀ। ਦੂਜੇ ਪਾਸੇ, ਹਰਸਿਮਰਨਜੀਤ ਨੇ ਮੁਲਜ਼ਮਾਂ ਦੇ ਖ਼ਿਲਾਫ਼ ਰਿਸ਼ਵਤ ਮੰਗਣ ਦੀ ਸ਼ਿਕਾਇਤ ਸੀ. ਬੀ.ਆਈ. ਨੂੰ ਦੇ ਦਿੱਤੀ। ਮਾਮਲੇ 'ਚ ਕਾਰਵਾਈ ਕਰਦੇ ਹੋਏ ਟਰੈਪ ਲਗਾ ਕੇ ਪਹਿਲਾਂ ਵਿਚੋਲ ਸਤਨਾਮ ਨੂੰ ਫੜਿਆ ਅਤੇ ਫਿਰ ਸਲਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।