ਭੈਣ-ਭਰਾ ’ਤੇ 15 ਲੱਖ ਦੇ ਗਹਿਣੇ ਚੋਰੀ ਕਰਨ ਦਾ ਦੋਸ਼, ਪੁਲਸ ਨੇ ਦਰਜ ਕੀਤਾ ਮਾਮਲਾ
Friday, Oct 15, 2021 - 04:31 PM (IST)
ਫ਼ਰੀਦਕੋਟ (ਰਾਜਨ) : ਕਰੀਬ 15 ਲੱਖ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦੇ ਦੋਸ਼ ਤਹਿਤ ਪਿੰਡ ਮੋਰਾਂਵਾਲੀ (ਫ਼ਰੀਦਕੋਟ) ਨਿਵਾਸੀ ਭੈਣ ਭਰਾ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਐੱਨ.ਆਰ.ਆਈ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜ਼ੀਰਾ ਹਾਲ ਵਾਸੀ ਪਾਰਕ ਐਵਨਿਊ ਫ਼ਰੀਦਕੋਟ ਨੇ ਦੱਸਿਆ ਕਿ ਜਦੋਂ ਉਹ ਬੀਤੀ ਸ਼ਾਮ ਆਪਣੇ ਪਰਿਵਾਰ ਸਮੇਤ ਜ਼ੀਰੇ ਤੋਂ ਫ਼ਰੀਦਕੋਟ ਆਇਆ ਤਾਂ ਉਸਨੇ ਆਪਣੀ ਕਾਰ ਪਾਰਕ ਐਵਨਿਊ ਫ਼ਰੀਦਕੋਟ ਵਿਖੇ ਘਰ ਦੇ ਬਾਹਰ ਹੀ ਖੜ੍ਹੀ ਕਰ ਦਿੱਤੀ ਅਤੇ ਸੋਨੇ ਦੇ ਗਹਿਣਿਆਂ ਵਾਲਾ ਲਿਫਾਫਾ ਜੋ ਉਹ ਆਪਣੇ ਨਾਲ ਲਿਆਏ ਸਨ ਕਾਰ ਵਿਚੋਂ ਕੱਢ ਕੇ ਘਰ ਦੀ ਲੌਬੀ ਵਿਚ ਪਏ ਮੇਜ ’ਤੇ ਰੱਖ ਦਿੱਤਾ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੇ ਘਰ ਕੰਮ ਕਰਨ ਵਾਲੀ ਵੀਰਪਾਲ ਕੌਰ ਵਾਸੀ ਪਿੰਡ ਮੋਰਾਂ ਵਾਲੀ ਜਿਸਨੇ ਫੋਨ ਕਰਕੇ ਆਪਣੇ ਭਰਾ ਗੋਰਾ ਸਿੰਘ ਨੂੰ ਵੀ ਬੁਲਾ ਲਿਆ ਸੀ, ਦੋਵਾਂ ਨੇ ਮਿਲ ਕੇ ਰਾਤ ਵੇਲੇ 15 ਲੱਖ ਰੁਪਏ ਦੀ ਕੀਮਤ ਦੇ ਗਹਿਣਿਆਂ ਵਾਲਾ ਲਿਫਾਫਾ ਚੁੱਕ ਕੇ ਲੁਕੋ ਲਿਆ ਅਤੇ ਸਵੇਰ ਹੁੰਦਿਆਂ ਹੀ ਆਪਣੇ ਨਾਲ ਹੀ ਲੈ ਗਏ। ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਦੋਵਾਂ ’ਤੇ ਦਰਜ ਕੀਤੇ ਗਏ ਮੁਕੱਦਮੇ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਵੱਲੋਂ ਜਾਰੀ ਹੈ।