ਰਾਤ ਨੂੰ ਭਰਾ ਦੀ ਹੋਈ ਮੌਤ, ਖ਼ਬਰ ਸੁਣ ਵੱਡੀ ਭੈਣ ਨੇ ਵੀ ਛੱਡ''ਤੀ ਦੁਨੀਆ, ਇਕੱਠੇ ਬਲ਼ੇ ਦੋਹਾਂ ਦੇ ਸਿਵੇ
Saturday, Nov 30, 2024 - 06:04 AM (IST)
ਖਮਾਣੋਂ (ਜਟਾਣਾ/ਅਰੋੜਾ) : ਬੀਤੇ ਦਿਨੀਂ ਪਿੰਡ ਮੁਸਤਫਾਬਾਦ ਵਿਖੇ ਵਿਆਹ ਸਮਾਗਮ ਦੌਰਾਨ ਸਿਲੰਡਰ ਦੀ ਅੱਗ ਕਈ ਪਰਿਵਾਰਾਂ ਨੂੰ ਵੱਡੇ ਜ਼ਖ਼ਮ ਦੇ ਗਈ। ਇਸੇ ਮਾਮਲੇ 'ਚ ਹੁਣ ਇਕ ਹੋਰ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮੌਤ ਦੀ ਗੱਲ ਸੁਣਦਿਆਂ ਹੀ ਸਦਮੇ ’ਚ ਉਸ ਦੀ ਵੱਡੀ ਭੈਣ ਨੇ ਵੀ ਸਾਹ ਛੱਡ ਦਿੱਤੇ। ਇਸ ਦੁਖਾਂਤ ਤੋਂ ਬਾਅਦ 2 ਪਿੰਡਾਂ ’ਚ ਸਨਾਟਾ ਪਸਰ ਗਿਆ ਤੇ ਘਰਾਂ ’ਚ ਚੁੱਲ੍ਹੇ ਠੰਢੇ ਪੈ ਗਏ।
ਹਾਦਸੇ ਕਾਰਨ ਹੁਣ ਮ੍ਰਿਤਕਾਂ ਦੀ ਗਿਣਤੀ 6 ਹੋ ਗਈ ਹੈ। ਜ਼ਿਕਰਯੋਗ ਹੈ ਕਿ 24 ਨਵੰਬਰ ਨੂੰ ਸਿਮਰਨਜੀਤ ਕੌਰ ਪੁੱਤਰੀ ਅਵਤਾਰ ਸਿੰਘ ਦਾ ਵਿਆਹ ਸੀ। ਇਸ ਲਈ 22 ਨਵੰਬਰ ਦੀ ਸ਼ਾਮ ਔਰਤਾਂ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ ਕਿ ਅਚਾਨਕ ਗੈਸ ਲੀਕ ਹੋ ਗਈ ਤੇ ਧਮਾਕਾ ਹੋਣ ਮਗਰੋਂ ਸਿਲੰਡਰ ਨੂੰ ਅੱਗ ਲੱਗ ਗਈ। ਇਸ ਕਾਰਨ ਚਾਰ ਔਰਤਾਂ ਸਮੇਤ ਦੋ ਵਿਅਕਤੀ ਝੁਲਸ ਗਏ।
ਜ਼ਖ਼ਮੀਆਂ ਨੂੰ ਤੁਰੰਤ ਪੀ.ਜੀ.ਆਈ. ’ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਗੁਰਦੀਸ਼ ਕੌਰ (50) ਪਤਨੀ ਨਿਰਮਲ ਸਿੰਘ, ਕੁਲਜੀਤ ਕੌਰ (37) ਪਤਨੀ ਜਗਦੀਪ ਸਿੰਘ, ਰਾਜ ਰਾਣੀ (62) ਪਤਨੀ ਧਰਮਪਾਲ ਸਿੰਘ, ਰਜਿੰਦਰ ਕੌਰ (36) ਪਤਨੀ ਕਮਲਜੀਤ ਸਿੰਘ ਦੀ ਮੌਤ ਹੋ ਗਈ ਸੀ। ਬੀਤੀ ਰਾਤ 28 ਨਵੰਬਰ ਨੂੰ ਕੁੜੀ ਦੇ ਭਰਾ ਦੇ ਦੋਸਤ ਨਵਜੋਤ ਸਿੰਘ (22) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬਰਵਾਲੀ ਕਲਾਂ ਦੀ ਮੌਤ ਹੋ ਗਈ। ਦੁਨਿਆ ’ਚੋਂ ਭਰਾ ਦੇ ਜਾਣ ਦਾ ਗਮ ਉਸ ਦੀ ਭੈਣ ਪਰਮਿੰਦਰ ਕੌਰ ਨਹੀਂ ਝੱਲ ਸਕੀ ਤੇ ਸਦਮੇ ’ਚ ਸ਼ੁੱਕਰਵਾਰ ਨੂੰ ਉਸ ਨੇ ਵੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ
ਜਾਣਕਾਰੀ ਅਨੁਸਾਰ ਉਹ ਬੀ.ਕਾਮ. ਕਰ ਰਹੀ ਸੀ। ਪਿੰਡ ਬਰਵਾਲੀ ਕਲਾਂ ਵਿਖੇ ਭੈਣ-ਭਰਾ ਦਾ ਸਸਕਾਰ ਕੀਤਾ ਗਿਆ। ਇਸ ਦੁਖਾਂਤ ’ਤੇ ਪੂਰੇ ਇਲਾਕੇ ’ਚ ਗਮਗੀਨ ਮਾਹੌਲ ਹੈ। ਪੂਰਾ ਪਰਿਵਾਰ ਬੇਸੁੱਧ ਹੈ। ਰਿਸ਼ਤੇਦਾਰ ਕਿਸੇ ਤਰ੍ਹਾਂ ਮ੍ਰਿਤਕਾਂ ਦੇ ਮਾਪਿਆਂ ਨੂੰ ਸੰਭਾਲ ਰਹੇ ਹਨ। ਬੁੱਧੀਜੀਵੀ ਵਰਗ ਨੇ ਐੱਮ.ਪੀ. ਡਾ. ਅਮਰ ਸਿੰਘ ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੋਂ ਪਰਿਵਾਰਾਂ ਨੂੰ ਭੋਗ ਸਮਾਗਮ ਮੌਕੇ ਸਰਕਾਰ ਵੱਲੋਂ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਗਰੀਬ ਪਰਿਵਾਰਾਂ ਨੂੰ ਥੋੜ੍ਹਾ ਆਸਰਾ ਮਿਲ ਸਕੇ।
ਕੁੜੀ ਦੇ ਨਾਨਾ ਦਾ ਚੱਲ ਰਿਹਾ ਹੈ ਇਲਾਜ
ਹਾਦਸੇ ’ਚ ਜ਼ਖ਼ਮੀ ਸਿਮਰਨਪ੍ਰੀਤ ਕੌਰ ਦੇ ਨਾਨਾ ਵਿਸਾਖਾ ਸਿੰਘ ਵਾਸੀ ਪਿੰਡ ਲਖਨਪੁਰ ਪੀ.ਜੀ.ਆਈ. ’ਚ ਜ਼ੇਰੇ ਇਲਾਜ ਹਨ। ਇਸ ਸਬੰਧੀ ਉਪ ਪੁਲਸ ਕਪਤਾਨ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੋਸਟਮਾਰਟਮ ਕਰਨ ਉਪਰੰਤ ਨਵਜੋਤ ਸਿੰਘ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਤੇ ਸ਼ਾਮੀਂ ਸਸਕਾਰ ਹੋ ਗਿਆ ਹੈ।
ਇਹ ਵੀ ਪੜ੍ਹੋ- ਜ਼ਰੂਰੀ ਖ਼ਬਰ ; ਵਕੀਲਾਂ ਨੇ ਕਰ'ਤਾ 'No Work Day' ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e