ਖੇਤੀ ਸੁਧਾਰ ਬਿੱਲ ਖਿਲਾਫ ਸਿਮਰਜੀਤ ਬੈਂਸ ਵੱਲੋਂ ਆਰ-ਪਾਰ ਦੀ ਲੜਾਈ, ਸਾਈਕਲ ''ਤੇ ਕੱਢੀ ਜਾਵੇਗੀ ਯਾਤਰਾ

6/20/2020 4:47:09 PM

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਆਰਡੀਨੈਂਸ ਦਾ ਜੰਮ ਕੇ ਵਿਰੋਧ ਕੀਤਾ ਗਿਆ। ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਵੱਲੋਂ ਦਿੱਤੇ ਗਏ ਬਿਆਨ ਦੀ ਵੀ ਬੈਂਸ ਨੇ ਨਿਖੇਧੀ ਕੀਤੀ ਅਤੇ ਉਸ ਨੂੰ ਝੂਠ ਦੱਸਿਆ। ਬੈਂਸ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਇੱਕ ਸਾਈਕਲ ਯਾਤਰਾ ਦੀ ਚੰਡੀਗੜ੍ਹ ਤੱਕ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਇਸ ਬਿੱਲ ਦਾ ਵਿਰੋਧ ਕਰੇਗੀ ਅਤੇ ਕਿਸਾਨਾਂ ਨੂੰ ਇਸ ਬਿੱਲ ਦੇ ਖਿਲਾਫ ਲਾਮਬੰਧ ਕੀਤਾ ਜਾਵੇਗਾ।

ਸਿਮਰਜੀਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਲਈ ਜੋ ਆਰਡੀਨੈਂਸ ਲਿਆਂਦਾ ਹੈ, ਉਹ ਕਿਸਾਨ ਵਿਰੋਧੀ ਹੈ ਅਤੇ ਲੋਕ ਇਨਸਾਫ ਪਾਰਟੀ ਇਸ ਦਾ ਪੁਰਜ਼ੋਰ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਕ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਜਾ ਰਹੇ ਹਨ, ਜਿਸ 'ਚ ਪਾਰਟੀ ਦੇ 50 ਮੈਂਬਰ ਧੁੱਪ 'ਚ ਸਾਈਕਲ ਚਲਾਉਣਗੇ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਕਿਸਾਨਾਂ ਨੂੰ ਲਾਮਬੰਧ ਕੀਤਾ ਜਾਵੇਗਾ।  

ਸਿਮਰਜੀਤ ਬੈਂਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਈਨਾ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਸ਼ਹੀਦ ਜਵਾਨਾਂ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਫੀਸਾਂ ਨੂੰ ਲੈ ਕੇ ਮਾਪੇ ਅਤੇ ਸਕੂਲਾਂ ਦੇ ਵਿਵਾਦ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮਾਪਿਆਂ ਤੋਂ ਫੀਸਾਂ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਸਕੂਲ ਬੰਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਸਕੂਲ ਫੀਸਾਂ ਮੰਗ ਰਹੇ ਹਨ ਅਤੇ ਲੁੱਟ-ਖਸੁੱਟ ਕਰ ਰਹੇ ਹਨ, ਉਨ੍ਹਾਂ ਖਿਲਾਫ ਮਹਿਕਮੇ ਨੂੰ ਕਾਰਵਾਈ ਕਰਕੇ ਉਨ੍ਹਾਂ ਦੇ ਲਾਈਸੈਂਸ ਰੱਦ ਕਰਨੇ ਚਾਹੀਦੇ ਹਨ।


 


Babita

Content Editor Babita