ਸਿੱਖ ਸੰਸਥਾਵਾਂ ਵਿਚ ਰੁਜ਼ਗਾਰ ਲਈ ਨੁਕਤੇ

Wednesday, Apr 15, 2020 - 01:28 PM (IST)

ਸਿੱਖ ਸੰਸਥਾਵਾਂ ਵਿਚ ਰੁਜ਼ਗਾਰ ਲਈ ਨੁਕਤੇ

ਪ੍ਰੋ.ਜਸਵੀਰ ਸਿੰਘ
73550-54463

ਮੱਧਕਾਲ ਵਿਚ ਗੁਰੂ ਬਾਬੇ ਨਾਨਕ ਸਾਹਿਬ ਜੀ (ਸਮੇਤ ਨੌਂ ਗੁਰੂ ਸਾਹਿਬਾਨਾਂ ) ਵਲੋਂ ਸਿੱਖ ਵਿਚਾਰਧਾਰਾ ਦਾ ਆਗ਼ਾਜ਼ ਕੀਤਾ ਗਿਆ। ਸਿੱਖ-ਮੱਤ ਜਿੱਥੇ ਇਕ ਪਾਸੇ ਧਾਰਮਿਕ ਅਤੇ ਅਧਿਆਤਮਕ ਹੈ, ਉੱਥੇ ਦੂਜੇ ਪਾਸੇ ਵਿਹਾਰਕ ਤੇ ਵਿਗਿਆਨਕ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ-ਅਧਿਆਤਮਵਾਦ ਦੇ ਅਲੰਬਰਦਾਰ ਸਨ, ਜਿੰਨ੍ਹਾਂ ਨੇ 'ਰੱਬ' ਦੀ ਭੂਮਿਕਾ ਵਿਚ 'ਕਰਤਾ ਪੁਰਖ' ਦੀ ਧੁਨ ਨੂੰ ਸਿਰਜਤ ਕੀਤਾ। ਇਉਂ ਹਰ ਸਿੱਖ ਦਾ ਆਪਣੀ ਘਾਲ ਕਮਾਈ ਕਰਕੇ ਅਤੇ ਵੰਡ ਕੇ ਛਕਣ ਦੀ ਧਾਰਨਾ ਦਾ ਧਾਰਨੀ ਹੋਣਾ ਲਾਜ਼ਮੀ ਹੋ ਜਾਂਦਾ ਹੈ। ਇੱਥੇ ਸਿੱਖ ਉਹੀ ਹੈ, ਜਿਸ ਨੇ ਇਨਸਾਨੀਅਤ ਦਾ ਪਾਠ ਪੜ੍ਹਿਆ ਹੋਵੇ ਤੇ "ਸ਼ਬਦ-ਗੁਰੂ" ਨਾਲ ਰਾਬਤਾ ਕਾਇਮ ਕਰ ਲਿਆ ਹੋਵੇ। ਆਓ ! ਗੁਰੂ ਸਾਹਿਬਾਨਾਂ ਦੇ ਮਹਾਨ ਸੰਕਲਪ 'ਕਿਰਤ ਕਰਨ, ਵੰਡ ਛਕਣ ਤੇ ਨਾਮ ਜਪਣ' ਨੂੰ ਆਧਾਰ ਬਣ ਕੇ, ਉਨ੍ਹਾਂ ਦੇ ਬੋਲਾਂ "ਘਾਲ ਖਾਇ ਕਿਛੁ ਹਥਹੁ ਦੇਇ, ਨਾਨਕ ਰਾਹੁ ਪਛਾਨਿਹ ਸੇਇ "ਨੂੰ ਮੁਖ਼ਾਤਿਬ ਹੁੰਦਿਆਂ, ਸਿੱਖ ਸੰਸਥਾਵਾਂ ਵਿਚ ਰੁਜ਼ਗਾਰ ਲਈ ਨੁਕਤਿਆਂ ਤੋਂ ਜਾਣੂ ਹੋਈਏ।

ਮੌਜੂਦ ਸਮੇਂ ਸਿੱਖ ਸੰਸਥਾਵਾਂ ਵੱਡੀ ਗਿਣਤੀ ਵਿਚ ਪੰਜਾਬ ਸਮੇਤ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿਚ ਸਥਾਪਤ ਹਨ, ਜਿੱਥੇ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਹਾਇਰ-ਐਜੂਕੇਸ਼ਨ ਤੱਕ ਭਾਵ ਆਖ਼ਰੀ ਚਰਨ ਸੀਮਾ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਗੁਰਦੁਆਰਿਆਂ ਵਿਚ ਧਾਰਮਿਕ ਤੇ ਲੋਕਤਾ ਨੂੰ ਸੰਗਤ ਤੇ ਪੰਗਤ ਦਾ ਪਾਠ ਪੜ੍ਹਾ ਕੇ, ਉੱਚੀ ਤੇ ਸੁੱਚੀ ਜੀਵਨ ਜਾਂਚ ਸਿਖਾਉਣ ਦਾ ਕਾਰਜ ਕੀਤਾ ਜਾਂਦਾ ਹੈ। ਇੱਥੇ ਅਸੀਂ ਸਿੱਖ ਸੰਸਥਾਵਾਂ ਬਾਰੇ ਜਾਣਦਿਆਂ ਹੋਇਆ ਆਪਣੇ ਨੁਕਤੇ ਸਪੱਸ਼ਟ ਕਰਦੇ ਜਾਵਾਂਗੇ। ਪਹਿਲਾ ਤਾਂ ਇਹ ਜਾਨਣਾ ਜ਼ਰੂਰੀ ਹੈ ਕਿ ਸਿੱਖ ਸੰਸਥਾਵਾਂ ਐੱਸ.ਜੀ.ਪੀ.ਸੀ. ਨਾਮ ਦੀ ਸੰਸਥਾ ਪ੍ਰਮੁੱਖ ਹੈ, ਜਿਸ ਦਾ ਪੂਰਾ ਨਾਮ " ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹੈ। ਇਸ ਨੂੰ ਸਿੱਖ ਕੌਮ ਦੀ ਸੰਸਦ ਵਜੋਂ ਵੀ ਵਿਚਾਰਿਆ ਜਾਂਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ www.sgpc.net 'ਤੇ ਲਾਗਿਨ ਕੀਤਾ ਜਾ ਸਕਦਾ ਹੈ। ਇੱਥੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਿੱਖ ਸੰਸਥਾਵਾਂ ਦੇ ਤਿੰਨ ਵਿੰਗ ਹਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ ਚਲਾਏ ਜਾਂਦੇ ਹਨ। ਪਹਿਲਾ ਵਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਹੀ ਹੈ। ਦੂਜਾ ਵਿੰਗ ਐਜੂਕੇਸ਼ਨ ਡਾਇਰੈਕਟੋਰੇਟ ਦਾ ਹੈ ਅਤੇ ਤੀਜਾ ਵਿੰਗ ਧਰਮ ਪ੍ਰਚਾਰ ਕਮੇਟੀ ਦਾ ਹੈ।

PunjabKesari

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਆਪਣੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਆਪਣੀਆਂ ਵਡੇਰੀਆਂ ਸੰਭਾਵਨਾਵਾਂ ਦਿਖਾ ਰਹੀ ਹੈ, ਜਿਸ ਅਧੀਨ ਕਈ ਸਕੂਲ-ਕਾਲਜ ਚੱਲ ਰਹੇ ਹਨ। ਇਸੇ ਤਰ੍ਹਾਂ ਕਾਫ਼ੀ ਸਾਰੇ ਹਸਪਤਾਲ, ਚੈਰੀਟੇਬਲ ਟਰੱਸਟ ਆਦਿ ਵੀ ਚਲਾਏ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੀ ਆਪਣੀ ਪਬਲੀਕੇਸ਼ਨ ਅਤੇ ਪ੍ਰਿਟਿੰਗ ਪ੍ਰੈੱਸ ਸਥਾਪਤ ਕੀਤੀ ਗਈ ਹੈ। ਇਉਂ ਕਾਫ਼ੀ ਸਾਰੇ ਸਰਟੀਫਾਇਡ ਕੋਰਸ ਕਰਵਾ, ਰੁਜ਼ਗਾਰ ਦੇ ਯੋਗ ਬਣਾਇਆ ਜਾਂਦਾ ਹੈ। ਇਸੇ ਲੀਹ 'ਤੇ ਅੱਗੇ ਤੁਰਦਿਆਂ ਇਸ ਸੰਸਥਾ ਅਧੀਨ ਸਿੱਖ ਰੈਫਰੈਂਸ ਲਾਇਬਰੇਰੀਆਂ, ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਅਤੇ ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਦੀਆਂ ਅਣਗਿਣਤ ਸੰਭਾਵਨਾ ਛੁਪੀਆਂ ਪਈਆਂ ਹਨ। 

◆ ਐਜੂਕੇਸ਼ਨ ਡਾਇਰੈਕਟੋਰੇਟ ਨਾਮ ਦਾ ਵਿੰਗ ਸ਼੍ਰੋਮਣੀ ਕਮੇਟੀ ਦੁਆਰਾ ਚਲਾਈਆਂ ਜਾਂਦੀਆਂ ਸਿੱਖਿਆ ਸੰਸਥਾਵਾਂ ਦੀ ਪੈਰ-ਵਾਈ ਕਰਦਾ ਹੈ, ਜਿਸ ਦਾ ਮੁੱਖ ਦਫ਼ਤਰ ਬਹਾਦਰਗੜ੍ਹ ( ਪਟਿਆਲਾ ) ਵਿਖੇ ਸਥਿਤ ਹੈ। ਇਸ ਵਿੰਗ ਰਾਹੀਂ ਸਕੂਲਾਂ-ਕਾਲਜਾਂ ਦੀ ਕਾਰਜ-ਗੁ਼ਜ਼ਾਰੀ ਨੂੰ ਵਾਚਿਆ ਅਤੇ ਵਿਕਸਤ ਕੀਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਵਿੰਗ ਆਪਣੀਆਂ ਸਿੱਖਿਆ ਸੰਸਥਾਵਾਂ ਵਿਚ ਯੋਗ ਅਧਿਕਾਰੀਆਂ ਦੀ ਚੋਣ ਅਕਸਰ ਕਰਦਾ ਰਹਿੰਦਾ ਹੈ। ਜਿਸ ਦੀਆਂ ਐਡਵਰਟਾਈਜ਼ਮੈਂਟਾਂ ਵੱਖ ਵੱਖ ਸਮੇਂ ਅਖ਼ਬਾਰਾਂ ਵਿਚ ਆਉਂਦੀਆਂ ਰਹਿੰਦੀਆਂ ਹਨ। ਇਸ ਵਿੰਗ ਅਧੀਨ ਸੌ ਤੋਂ ਵੱਧ ਸਕੂਲ ਅਤੇ ਬਹੁਤ ਸਾਰੇ ਕਾਲਜ ਆ ਜਾਂਦੇ ਹਨ। ਜਿੰਨ੍ਹਾਂ ਵਿਚ ਤਕਨੀਕੀ ਸਿੱਖਿਆ ਵਾਲੇ ਕਾਲਜ, ਮੈਡੀਕਲ ਕਾਲਜ, ਇੰਜੀਨੀਅਰਿੰਗ ਸੰਸਥਾਵਾਂ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਤੋਂ ਬਾਹਰ ਸਿੱਖਿਆ ਸੰਸਥਾਵਾਂ ਸਥਾਪਤ ਕੀਤੀਆਂ ਹੋਈਆਂ ਹਨ, ਜਿੰਨ੍ਹਾਂ ਵਿਚ ਇਕ ਕਾਲਜ ਹਰਿਆਣੇ ਰਾਜ ਵਿਚ ਸਥਿਤ ਹੈ। ਇਸੇ ਤਰ੍ਹਾਂ ਕੁਝ ਮਿਸ਼ਨਰੀ ਸਿੱਖਿਆ ਸੰਸਥਾਵਾਂ ਉਡੀਸਾ, ਯੂ.ਪੀ. ਅਤੇ ਰਾਜਸਥਾਨ ਆਦਿ ਵਿਖੇ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਾਰੀਆਂ ਸੰਸਥਾਵਾਂ ਵਿਚ ਹਰ ਦਰਜੇ ਦੇ ਕਰਮਚਾਰੀਆਂ ਦੀ ਭਰਤੀ ਯਕੀਨੀ ਤੌਰ 'ਤੇ ਕੀਤੀ ਜਾਂਦੀ ਹੈ।

PunjabKesari

ਹਰ ਸੰਸਥਾਵਾਂ ਵਿਚ ਪ੍ਰਿੰਸੀਪਲ ਦਾ ਅਹੁਦਾ, ਵੱਖ ਵੱਖ ਵਿਭਾਗਾਂ ਵਿਚ ਟੀਚਿੰਗ ਸਟਾਫ਼ ਅਤੇ ਨੌ-ਟੀਚਿੰਗ ( ਕਲਰਕ, ਲਾਇਬ੍ਰੇਰੀਅਨ ) ਸਟਾਫ਼ ਦੀਆਂ ਪੋਸਟਾਂ ਅਤੇ ਸਕੂਲਾਂ ਕਾਲਜਾਂ ਵਿਚ ਪੀਅਨ, ਗੇਟ-ਕੀਪਰ, ਸਫ਼ਾਈ ਕਰਮਚਾਰੀ, ਚੌਕੀਦਾਰ, ਰੁੱਖਾਂ ਬੂਟਿਆਂ ਦੀ ਸਾਂਭ ਸੰਭਾਲ ਲਈ ਮਾਲੀ ਅਤੇ ਹਰ ਸੰਸਥਾ ਦੀਆਂ ਵੈਨਾਂ / ਬੱਸਾਂ ਲਈ ਡਰਾਈਵਰਾਂ ਅਤੇ ਸਹਾਇਕਾਂ (ਕੰਡਕਟਰਾਂ) ਆਦਿ ਦੀ ਭਰਤੀ ਕੀਤੀ ਜਾਂਦੀ ਹੈ। ਵਿਚਾਰਨ ਯੋਗ ਹੈ ਕਿ ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ ਅਤੇ ਅਹੁਦੇ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਯੋਗ ਉਮੀਦਵਾਰ ਨੂੰ ਚੰਗੀ ਤਨਖ਼ਾਹ 'ਤੇ ਰੁਜ਼ਗਾਰ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਮਾਲੀ ਦੇ ਅਹੁੱਦੇ ਲਈ ਉਮੀਦਵਾਰ ਘੱਟੋ ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਡਰਾਈਵਰਾਂ ਲਈ ਹੈਵੀ-ਲਾਇਸੰਸ ਦੇ ਟਾਲ ਨਾਲ ਤਜ਼ਰਬਾ ਹੋਣਾ ਅਹਿਮੀਅਤ ਰੱਖਦਾ ਹੈ। ਇਨ੍ਹਾਂ ਸੰਸਥਾਵਾਂ ਵਿਚ ਰੀਸਰਚ ਸਕਾਲਰ ( ਜੋ ਵੱਖ-ਵੱਖ ਭਾਸ਼ਾਵਾਂ ਦੇ ਮਾਹਰ ਹੋਣ ਜਿਵੇਂ ਫਾਰਸੀ/ ਉਰਦੂ ਆਦਿ) ਦੀ ਚੋਣ ਕੀਤੀ ਜਾਂਦੀ ਹੈ। ਇਉਂ ਹੀ ਧਰਮ ਅਧਿਐਨ ਲਈ ਉਮੀਦਵਾਰ ਚੁਣੇ ਜਾਂਦੇ ਹਨ। ਜੇਕਰ ਆਈ.ਟੀ. ਵਿਭਾਗ ਦੀ ਗੱਲ ਕਰੀਏ ਤਾਂ ਕੰਪਿਊਟਰ ਅਪਰੇਟਰ, ਟਾਈਪਿਸਟ ਅਤੇ ਗ੍ਰਾਫ਼ਿਕ ਡਿਜ਼ਾਈਨਰ ਆਦਿ ਦੀਆਂ ਪੋਸਟਾਂ ਭਰੀਆਂ ਜਾਂਦੀਆਂ ਹਨ। ਐਜੁਕੇਸ਼ਨ ਡਾਇਰੈਕਟੋਰੇਟ ਦੀ ਵੈੱਬਸਾਈਟ http://www.desgpc.org ਰਾਹੀਂ ਹੋਰ ਅਪਡੇਟਡ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। 

ਧਰਮ ਪ੍ਰਚਾਰ ਕਮੇਟੀ
ਇਸ ਵਿੰਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਅਧੀਨ ਬਹੁਤ ਸਾਰੇ ਮਿਸ਼ਨਰੀ ਸਕੂਲ ਅਤੇ ਕਾਲਜ ਚਲਾਏ ਜਾਂਦੇ ਹਨ। ਇਸ ਵਿੰਗ ਦੀ ਖ਼ਾਸੀਅਤ ਇਹ ਹੈ ਕਿ ਇਸ ਅਧੀਨ 12ਵੀਂ ਮਗਰੋਂ 2 ਸਾਲਾ ਜਾਂ 3 ਸਾਲਾ ਸਰਟੀਫਾਇਡ ਕੋਰਸ / ਡਿਪਲੋਮਾ ਆਦਿ ਕਰਵਾਏ ਜਾਂਦੇ ਹਨ। ਇਸ ਵਿੰਗ ਵਲੋਂ ਸਾਰੇ ਕੋਰਸ/ ਪੜ੍ਹਾਈ ਫ੍ਰੀ/ ਮੁਫ਼ਤ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਦੇ ਰਹਿਣ ਅਤੇ ਖਾਣ -ਪੀਣ (ਭੋਜਨ) ਦਾ ਪ੍ਰਬੰਧ ਵੀ ਬਿੰਨਾਂ ਕਿਸੇ ਫ਼ੀਸ ਤੋਂ ਕੀਤਾ ਜਾਂਦਾ ਹੈ। ਧਰਮ ਪ੍ਰਚਾਰ ਕਮੇਟੀ ਅਧੀਨ (1) ਕੀਰਤਨ ( ਮਿਊਜ਼ਿਕ ) ਦਾ ਕੋਰਸ , (2) ਤਬਲਾ ਵਾਦਕ ਦਾ ਕੋਰਸ , (3) ਪ੍ਰਚਾਰਕ ਦਾ ਕੋਰਸ ਅਤੇ ਗ੍ਰੰਥੀ ਆਦਿ ਦੀ ਪੜ੍ਹਾਈ ਦੇ ਪ੍ਰਬੰਧ ਕੀਤੇ ਜਾਂਦੇ ਹਨ। ਇਨ੍ਹਾਂ ਸਾਰੇ ਕੋਰਸਾਂ ਦਾ ਸਰਟੀਫਿਕੇਟ ਐੱਸ.ਜੀ.ਪੀ.ਸੀ. ਵਲੋਂ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਅਹੁੱਦਿਆਂ ਲਈ ਲੋੜੀਂਦੀਆਂ ਸੰਸਥਾਵਾਂ ਵਿਚ ਰੁਜ਼ਗਾਰ ਵੀ ਮੁਹੱਈਆਂ ਕਰਵਾਇਆ ਜਾਂਦਾ ਹੈ। 

PunjabKesari

ਸਿੱਖ ਮਿਸ਼ਨਰੀ ਕਾਲਜ
. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
. ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ, ਸੁਲਤਾਨਪੁਰ ਲੋਧੀ
. ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ ( ਬਠਿੰਡਾ )
. ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ 
. ਸਿੱਖ ਮਿਸ਼ਨਰੀ ਕਾਲਜ, ਬੱਢਾ ਜੌਹੜ ਗੰਗਾਨਗਰ ( ਰਾਜਸਥਾਨ )
. ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਆਦਿ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ( ਏਡਿਡ ) ਕਾਲਜ 
. ਗੁਰੂ ਨਾਨਕ ਕਾਲਜ, ਬਟਾਲਾ (ਗੁਰਦਾਸਪੁਰ )
. ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ( ਹੁਸ਼ਿਆਰਪੁਰ )
. ਗੁਰੂ ਨਾਨਕ ਖ਼ਾਲਸਾ ਕਾਲਜ, ਡਰੋਲੀ ਕਲਾਂ ( ਜਲੰਧਰ ) 
. ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ , ਸ੍ਰੀ ਮੁਕਤਸਰ ਸਾਹਿਬ
. ਗੁਰੂ ਨਾਨਕ ਖ਼ਾਲਸਾ ਕਾਲਜ ਆਫ਼ ਆਰਟਸ , ਸਾਇੰਸ ਐਂਡ ਕਮਰਸ , ਮਾਟੰਗਾ ( ਮੁਬੰਈ )
. ਗੁਰੂ ਨਾਨਕ ਇੰਸਟੀਚਿਊਟ ਆਫ਼ ਰਿਸਰਚ ਐਂਡ ਡਿਵੈਲਪਮੈਂਟ ( ਮੁਬੰਈ ) ਆਦਿ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ( ਅਨ- ਏਡਿਡ ) ਕਾਲਜ 
- ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ
- ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ ( ਤਰਨਤਾਰਨ )
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ (ਬਠਿੰਡਾ)
- ਮੀਰੀ ਪੀਰੀ ਖ਼ਾਲਸਾ ਕਾਲਜ, ਭਦੌੜ ( ਬਰਨਾਲਾ)
- ਮਾਤਾ ਗੰਗਾ ਖ਼ਾਲਸਾ ਕਾਲਜ ਫਾਰ ਗਰਲਜ਼, ਕੋਟਾਂ ( ਲੁਧਿਆਣਾ )
- ਮਾਤਾ ਸੁੰਦਰੀ ਖ਼ਾਲਸਾ ਕਾਲਜ ਫ਼ਾਰ ਵੁਮੈਨ , ਨੀਸਿੰਗ - ਕਰਨਾਲ ( ਹਰਿਆਣਾ) ਆਦਿ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਿਤ ਕੀਤੇ ਟਰੱਸਟਾਂ ਅਧੀਨ ਸੰਸਥਾਵਾਂ
 ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਲੁਧਿਆਣਾ ਕਾਲਜ - (1) ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ , (2) ਗੁਰੂ ਨਾਨਕ ਦੇਵ ਪੋਲੀਟੈਨਿਕ ਕਾਲਜ, ਲੁਧਿਆਣਾ

ਅੰਮ੍ਰਿਤਸਰ ਵਿਖੇ ਸਥਿਤ ਸਿੱਖ ਸੰਸਥਾਵਾਂ 
. ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਸ੍ਰੀ ਅੰਮ੍ਰਿਤਸਰ
. ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਰਿਸਰਚ , ਸ੍ਰੀ ਅੰਮ੍ਰਿਤਸਰ
. ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ
. ਸ੍ਰੀ ਗੁਰੂ ਰਾਮਦਾਸ ਕੈਂਸਰ ਹਸਪਤਾਲ, ਸ੍ਰੀ ਅੰਮ੍ਰਿਤਸਰ
. ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ, ਸ੍ਰੀ ਅੰਮ੍ਰਿਤਸਰ

■ ਹੁਣ ਦੁਨੀਆਂ ਦੇ ਹਰ ਦੇਸ਼ ਵਿਚ ਗੁਰਦੁਆਰੇ ਸਥਾਪਤ ਹੋ ਚੁੱਕੇ ਹਨ। ਗ੍ਰੰਥੀ , ਰਾਗੀ ਜਥੇਦਾਰ, ਰਾਗੀ ਸਿੰਘ, ਸਹਾਇਕ ਰਾਗੀ ਅਤੇ ਜੋੜੀ ਵਾਲਾ ਭਾਵ ਤਬਲਾ ਵਾਦਕ ਆਦਿ ਦੀ ਭਰਤੀ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਆਉਂਦੇ ਰਹਿੰਦੇ ਹਨ। ਇਨ੍ਹਾਂ ਭਰਤੀਆਂ ਲਈ ਧਰਮ ਪ੍ਰਚਾਰ ਕਮੇਟੀ ਅਧੀਨ ਆਉਂਦੇ ਕਾਲਜਾਂ ਤੋਂ ਸਰਟੀਫਾਇਡ ਕੋਰਸ ਕੀਤੇ ਹੋਣੇ ਜ਼ਰੂਰੀ ਹਨ। ਇਸ ਤਰ੍ਹਾਂ ਗੁਰਦੁਆਰਿਆਂ ਵਿਚ ਅਕਾਊਂਟਸ ਕਲਰਕਾਂ, ਕੰਪਿਊਟਰ ਉਪਰੇਟਰਾਂ, ਬਿਜਲੀ ਮਿਸਤਰੀਆਂ, ਏ.ਸੀ. ਮਕੈਨਿਕਾਂ, ਮੈਂਬਰ ਸੁਰੱਖਿਆ ਦਸਤਿਆਂ, ਸੇਵਾਦਾਰਾਂ, ਸੇਵਾ - ਦਲਾਂ, ਹਲਵਾਈਆਂ, ਰਾਜ- ਮਿਸਤਰੀਆਂ, ਰੰਗ- ਸਾਜ਼ ਕਰਨ ਵਾਲਿਆ ਅਤੇ ਪੇਂਟਰਾਂ / ਕਾਰਪੇਂਟਰਾਂ ਆਦਿ ਦੀ ਭਰਤੀ ਵੀ ਕੀਤੀ ਜਾਂਦੀ ਹੈ। ਇਸੇ ਲੜ੍ਹੀ ਨੂੰ ਅੱਗੇ ਤੋਰੀਏ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਗਾਈਡ' ਲਈ ਵੀ ਪੋਸਟਾਂ ਕੱਢੀਆਂ ਜਾਂਦੀਆਂ ਹਨ। ਗਾਈਡ ਦਾ ਕੰਮ ਹੁੰਦਾ ਹੈ ਕਿ ਉਹ ਵਿਦੇਸਾਂ ਤੋਂ ਆਏ ਘੁੱਮਕੜਾ ਨੂੰ ਸਿੱਖ ਸੰਸਥਾਵਾਂ ਬਾਰੇ ਜਾਣਕਾਰੀ ਮਹੁੱਈਆਂ ਕਰਵਾਵੇ। ਇਸ ਪੋਸਟ ਲਈ ਬਹੁ-ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ।

■ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅਧੀਨ ਬਹੁਤ ਸਾਰੀਆਂ ਲਾਇਬਰੇਰੀਆਂ ਵਿਚ ਲਾਇਬ੍ਰੇਰੀਅਨ ਅਤੇ ਸਹਾਇਕਾ ਦੀ ਪੋਸਟਾਂ ਵੀ ਭਰਵਾਈਆਂ ਜਾਂਦੀਆਂ ਹਨ। ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਸਿੱਖ ਇਤਿਹਾਸ ਤੋਂ ਚੰਗਾ ਵਾਕਫ਼ ਹੋਣਾ ਚਾਹੀਦਾ ਹੈ। ਉਸ ਦੁਆਰਾ ਲਾਇਬ੍ਰੇਰੀਅਨ ਦਾ ਮਾਨਤਾ ਪ੍ਰਾਪਤ ਸੰਸਥਾ ਤੋਂ ਸਰਟੀਫਾਇਡ ਕੋਰਸ ਕੀਤਾ ਹੋਣਾ ਲਾਜ਼ਮੀ ਹੈ।

■ ਐੱਸ.ਜੀ.ਪੀ.ਸੀ. ਵਲੋਂ ਵੱਖ ਵੱਖ ਸਿੱਖ ਇਤਿਹਾਸ ਨਾਲ ਅਤੇ ਗੁਰਮਤਿ ਪ੍ਰਚਾਰ ਨਾਲ ਸੰਬੰਧਿਤ ਕਿਤਾਬਾਂ ਅਤੇ ਰਸਾਲੇ ( ਜਿਵੇਂ ਗਰਮਤਿ ਪ੍ਰਕਾਸ਼ ਆਦਿ ) ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਆਪਣੀ ਪ੍ਰਿਟਿੰਗ ਪ੍ਰੈੱਸ ਲਈ ਟਾਈਪਿਸਟ, ਪਰੂਫ਼ ਰੀਡਰ,  ਕਵਰ ਡਿਜ਼ਾਈਨਰ, ਕੰਪਿਊਟਰ ਉਪਰੇਟਰਾਂ ਆਦਿ ਲਈ ਵੀ ਯੋਗ ਵਿਅਕਤੀਆਂ ਦੀ ਮੰਗ ਕੀਤੀ ਜਾਂਦੀ ਰਹਿੰਦੀ ਹੈ। ਇਸੇ ਤਰ੍ਹਾਂ ਪ੍ਰਕਾਸ਼ਨਾਂ ਹਾਊਸਾਂ ਲਈ ਬੁੱਕ ਸੈੱਲਰ ਆਦਿ ਚੁਣੇ ਜਾਂਦੇ ਹਨ।

ਆਖ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਨ ਤੋਂ ਇਲਾਵਾ ਅਨੇਕਾਂ ਸਿੱਖਿਆ ਸੰਸਥਾਵਾਂ, ਹਸਪਤਾਲ, ਅਨਾਥਾਂ ਅਤੇ ਬੇਸਹਾਰਿਆਂ ਲਈ ਸੁਰੱਖਿਆ ਸੰਸਥਾਵਾਂ ਆਦਿ ਚਲਾਈਆਂ ਜਾਂਦੀਆਂ ਹਨ। ਜਿਸ ਕਾਰਨ ਇਸ ਵੱਡ- ਆਕਾਰੀ ਸੰਸਥਾ ਜੋ ਕਿ ਸੰਸਾਰ ਵਿਚ ਆਪਣੀਆਂ ਜੜ੍ਹਾਂ ਫੈਲਾ ਚੁੱਕੀ ਹੈ, ਵਿਚ ਹਜ਼ਾਰਾਂ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਉਹ ਉਮੀਦਵਾਰ ਜੋ ਆਪਣੀ ਯੋਗਤਾ ਅਤੇ ਸੰਭਾਵਨਾ ਰੱਖਦਾ ਹੋਵੇ , ਉਹ ਇਨ੍ਹਾਂ ਸਿੱਖ ਸੰਸਥਾਵਾਂ ਵਿਚ ਚੰਗਾ ਭਵਿੱਖ ਸਿਰਜ ਸਕਦਾ ਹੈ।


author

rajwinder kaur

Content Editor

Related News