ਪੰਜਾਬ ’ਚ ਸਿੱਧੂ ਅਤੇ ਢੀਂਡਸਾ ਜਗਾ ਸਕਦੇ ਹਨ ਰਾਜਸੀ ‘‘ਅਲਖ’’!

11/18/2019 12:17:53 AM

ਲੁਧਿਆਣਾ (ਮੁੱਲਾਂਪੁਰੀ)-ਪੰਜਾਬ ’ਚ ਭਾਵੇਂ ਸੱਤਾਧਾਰੀ ਕਾਂਗਰਸ ਦਾ ਰਾਜ ਹੈ ਪਰ ਉਸ ’ਚੋਂ ਬਰਖਾਸਤ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਂ ਅੱਜਕੱਲ ਹਰ ਵਿਅਕਤੀ ਦੀ ਜ਼ੁਬਾਨ ’ਤੇ ਮੱਲੋ-ਮੱਲੀ ਆ ਰਿਹਾ ਹੈ ਕਿਉਂਕਿ ਸ੍ਰੀ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਦੇ ਮਾਮਲੇ ’ਚ ਜੋ ਉਸਦੀ ਭੂਮਿਕਾ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਪੰਥਕ ਜਥੇਬੰਦੀਆਂ ਸਿੱਖ ਸੰਸਥਾਵਾਂ ਅਤੇ ਆਮ ਪੰਜਾਬੀ ਉਸ ਦੇ ਕਾਰਜ ਦੀ ਸ਼ਲਾਘਾ ਕਰ ਰਹੇ ਹਨ। ਭਾਵੇਂ ਚੋਣਾਂ ’ਚ ਅਜੇ 2 ਸਾਲ ਦਾ ਸਮਾਂ ਪਿਆ ਹੈ ਪਰ ਕਈ ਸੱਜਣ ਤਾਂ ਹੁਣ ਤੋਂ ਹੀ ਤਰ੍ਹਾਂ-ਤਰ੍ਹਾਂ ਦੀਆਂ ਭਵਿੱਖ ਬਾਣੀਆਂ ਕਰਨ ਲੱਗ ਪਏ ਹਨ। ਇਸੇ ਤਰ੍ਹਾਂ ਦੂਜਾ ਚਿਹਰਾ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਹਨ, ਜੋ ਅਕਾਲੀ ਦਲ ਦੇ ਜਹਾਜ਼ ’ਚੋਂ ਛਾਲ ਮਾਰ ਕੇ ਇਕ ਪਾਸੇ ਹੋ ਕੇ ਪੰਜਾਬ ਦੀ ਰਾਜਨੀਤੀ ਨੂੰ ਬਡ਼ੀ ਬਾਰੀਕੀ ਵਾਚ ਰਹੇ ਹਨ। ਬਹੁਤ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਨੇਤਾਵਾਂ ਤੋਂ ਇਲਾਵਾ ਟਕਸਾਲੀ ਅਕਾਲੀ ਨੇਤਾ ਢੀਂਡਸਾ ਨਾਲ ਮੀਟਿੰਗਾਂ ਜਾਂ ਉਨ੍ਹਾਂ ਨਾਲ ਟੈਲੀਫੋਨ ’ਤੇ ਰਾਬਤਾ ਕਾਇਮ ਕਰ ਚੁੱਕੇ ਹਨ। ਸੂਤਰਾਂ ਨੇ ਦੱਸਿਆ ਢੀਂਡਸਾ ਨੇ ਜਿਸ ਦਿਨ ਰਾਜ ਸਭਾ ਦੀ ਪ੍ਰਤੀਨਿਧਤਾ ਵਾਲਾ ਅਸਤੀਫਾ ਦਿੱਤਾ ਸੀ, ਉਨ੍ਹਾਂ ਦਿਨਾਂ ’ਚ ਉਨ੍ਹਾਂ ਨੂੰ ਟੈਲੀਫੋਨ ਕਰਨ ਵਾਲਿਆਂ ਦੀ ਲਿਸਟ ਬਹੁਤ ਲੰਮੀ ਸੀ। ਇਥੇ ਬਸ ਨਹੀਂ ਢੀਂਡਸਾ ਪੰਜਾਬ ’ਚ ਵੱਡੇ ਕੱਦ ਦੇ ਨੇਤਾ ਹਨ, ਜਿਸ ਤਰੀਕੇ ਨਾਲ ਉਹ ਵੀ ਸਿੱਧੂ ਵਾਂਗ ਖਾਮੋਸ਼ ਬੈਠੇ ਹਨ, ਜੇਕਰ ਇਨ੍ਹਾਂ ਦੋਵਾਂ ਆਗੂਆਂ ਨੇ ਭਵਿੱਖ ਵਿਚ ਰਾਜਸੀ ਅਲਖ ਜਗਾ ਦਿੱਤੀ ਤਾਂ ਫਿਰ ਪੰਜਾਬ ’ਚ ਕਾਂਗਰਸ ਅਤੇ ਅਕਾਲੀ ਦਲ ਦਾ ਫਿਰ ਰੱਬ ਹੀ ਰਾਖਾ ਹੋਵੇਗਾ ਕਿਉਂਕਿ ਇਹ ਦੋਵੇਂ ਵੱਡੇ ਕੱਦ ਦੇ ਨੇਤਾ ਲੋਕਾਂ ਵਿਚ ਆਪਣਾ ਵਿਸ਼ਵਾਸ, ਭਰੋਸਾ ਅਤੇ ਯਕੀਨ ਕਾਇਮ ਰੱਖ ਕੇ ਜੋ ਗੱਲ ਆਖਣਗੇ ਉਸ ’ਤੇ ਪੰਜਾਬੀ ਯਕੀਨ ਕਰ ਸਕਦੇ ਹਨ।


Sunny Mehra

Content Editor

Related News