ਪੰਜਾਬ ਸ਼ਾਹੀ ਇਮਾਮ ''ਤੇ ਹਮਲਾ! ਮਾਰਿਆ ਥੱਪੜ ਅਤੇ ਵਰ੍ਹਾਈਆਂ ਇੱਟਾਂ (ਵੀਡੀਓ)
Sunday, Feb 08, 2026 - 03:01 PM (IST)
ਲੁਧਿਆਣਾ: ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ 'ਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਬਾਹਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਅਤੇ ਉਸ ਦੇ ਦੋ ਪੁੱਤਰਾਂ ਨੇ ਸ਼ਾਹੀ ਇਮਾਮ ਨੂੰ ਥੱਪੜ ਮਾਰਿਆ ਅਤੇ ਉਨ੍ਹਾਂ 'ਤੇ ਇੱਟਾਂ ਨਾਲ ਹਮਲਾ ਕੀਤਾ। ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਇਹ ਘਟਨਾ ਮਸਜਿਦ ਕੰਪਲੈਕਸ ਵਿਚ ਬਣੀਆਂ ਕੁਝ ਵਪਾਰਕ ਦੁਕਾਨਾਂ ਦੇ ਮਾਲਕੀ ਹੱਕ ਨੂੰ ਲੈ ਕੇ ਚੱਲ ਰਹੇ ਵਿਵਾਦ ਨਾਲ ਜੁੜੀ ਦੱਸੀ ਜਾ ਰਹੀ ਹੈ। ਮਸਜਿਦ ਦੇ ਦਫ਼ਤਰ ਇੰਚਾਰਜ ਮੁਹੰਮਦ ਮੁਜਾਹਿਦ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਜਾਮਾ ਮਸਜਿਦ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਨਿਗਰਾਨੀ ਖੁਦ ਸ਼ਾਹੀ ਇਮਾਮ ਕਰ ਰਹੇ ਹਨ। 1 ਫਰਵਰੀ ਨੂੰ ਜਦੋਂ ਸ਼ਾਹੀ ਇਮਾਮ ਮਸਜਿਦ ਪਹੁੰਚੇ, ਤਾਂ ਮੁਲਜ਼ਮਾਂ ਨੇ ਉੱਥੇ ਆ ਕੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਫਿਰ ਉਨ੍ਹਾਂ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ।
ਜਦੋਂ ਮੁਹੰਮਦ ਮੁਜਾਹਿਦ ਅਤੇ ਸ਼ਾਹ ਨਵਾਜ਼ ਨੇ ਸ਼ਾਹੀ ਇਮਾਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਮੌਕੇ 'ਤੇ ਲੋਕਾਂ ਦੇ ਇਕੱਠੇ ਹੋਣ ਕਾਰਨ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪੁਲਸ ਅਧਿਕਾਰੀਆਂ ਅਨੁਸਾਰ, ਦੁਕਾਨਾਂ ਦੇ ਇਸ ਵਿਵਾਦ ਨੂੰ ਸੁਲਝਾਉਣ ਲਈ ਪਹਿਲਾਂ ਸਮਝੌਤੇ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਸਹਿਮਤੀ ਨਾ ਬਣਨ ਕਾਰਨ ਮਾਮਲਾ ਵੱਧ ਗਿਆ।
ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿਚ ਬ੍ਰਾਊਨ ਰੋਡ ਦੇ ਰਹਿਣ ਵਾਲੇ ਉਬੈਦ ਉਰ ਰਹਿਮਾਨ ਅਤੇ ਉਸ ਦੇ ਦੋ ਪੁੱਤਰ ਅਤੀਕ ਉਰ ਰਹਿਮਾਨ ਅਤੇ ਮੁਹੰਮਦ ਅਹਿਮਦ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
