ਜਗਦੀਸ਼ ਟਾਈਟਲਰ ਦਾ ਸਮਰਥਨ ਕਰਨ ਲਈ ਸਿੱਧੂ ਤੇ ਚੰਨੀ ਸਿੱਖਾਂ ਨੂੰ ਦੇਣ ਸਫ਼ਾਈ : ਚੁੱਘ

Saturday, Oct 30, 2021 - 05:43 PM (IST)

ਚੰਡੀਗੜ੍ਹ (ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੋਂ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਕਿ ਕੀ ਉਹ 1984 ਦੇ ਸਿੱਖ ਵਿਰੋਧੀ ਕਤਲੇਆਮ (ਦੰਗਿਆਂ) ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਇਨਵਾਇਟੀ ਮੈਂਬਰ ਦੇ ਤੌਰ ’ਤੇ ਸ਼ਾਮਲ ਕੀਤੇ ਜਾਣ ਦਾ ਸਮਰਥਨ ਕਰਦੇ ਹਨ? ਉਨ੍ਹਾਂ ਕਿਹਾ ਕਿ ਸਿੱਧੂ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ’ਚੋਂ ਉਹ ਬਹੁਤ ਮੁਸ਼ਕਿਲ ਨਾਲ ਬਚ ਸਕੇ ਸਨ ਤੇ ਹੁਣ ਉਨ੍ਹਾਂ ਨੂੰ ਕਾਂਗਰਸ ਦਾ ਨੇਤਾ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ, ਕੀ ਸੱਤਾ ਦਾ ਲਾਲਚ ਤਾਂ ਨਹੀਂ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ 7 ਲੱਖ ਤੋਂ ਵੱਧ ਨੌਜਵਾਨ ਪਹਿਲੀ ਵਾਰ ਪਾਉਣਗੇ ਵੋਟ : ਡਾ. ਕਰੁਣਾ ਰਾਜੂ

ਚੁੱਘ ਨੇ ਇਕ ਬਿਆਨ ’ਚ ਕਿਹਾ ਕਿ ਟਾਈਟਲਰ ਨੂੰ ਕਾਂਗਰਸ ਦੇ ਉਨ੍ਹਾਂ ਪ੍ਰਮੁੱਖ ਨੇਤਾਵਾਂ ’ਚੋਂ ਇਕ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਹੈ, ਜੋ ਦਿੱਲੀ ’ਚ ਸਿੱਖਾਂ ਦੇ ਕਤਲ ’ਚ ਸ਼ਾਮਲ ਸਨ ਪਰ ਕਮਲਨਾਥ ਤੇ ਸੱਜਣ ਕੁਮਾਰ ਦੇ ਨਾਲ ਉਹ ਵੀ ਹੁਣ ਕਾਂਗਰਸ ਦੀਆਂ ਅੱਖਾਂ ਦੇ ਤਾਰੇ ਬਣੇ ਹੋਏ ਹਨ, ਇਸ ਤੱਥ ਦੇ ਬਾਵਜੂਦ ਕਿ ਸਿੱਖਾਂ ਖ਼ਿਲਾਫ ਦੰਗਿਆਂ ਨੂੰ ਭੜਕਾਉਣ ’ਚ ਉਨ੍ਹਾਂ ਦੀ ਭੂਮਿਕਾ ਦੀ ਪੋਲ ਕਈ ਗਵਾਹਾਂ ਨੇ ਖੋਲ੍ਹੀ ਹੈ। ਚੁੱਘ ਨੇ ਯਾਦ ਦਿਵਾਇਆ ਕਿ ਕਿਵੇਂ ਕਾਂਗਰਸ ਨੇ 1984 ’ਚ ਸ੍ਰੀ ਹਰਿਮੰਦਰ ਸਾਹਿਬ ’ਚ ਟੈਂਕ ਭੇਜੇ ਤੇ ਬਹੁਤ ਜ਼ਿਆਦਾ ਤਬਾਹੀ ਮਚਾਉਣ ਲਈ ਫੌਜ ਭੇਜੀ ਸੀ। ਉਨ੍ਹਾਂ ਕਿਹਾ ਕਿ ਚੰਨੀ ਤੇ ਸਿੱਧੂ ਸਮੇਤ ਸਾਰੇ ਸਿੱਖ ਨੇਤਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦਾ ਹਿੱਸਾ ਹੋਣ ਲਈ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਿਸ ਨੇ ਬੀਤੇ ’ਚ ਸਿੱਖਾਂ ਖ਼ਿਲਾਫ ਕਤਲੇਆਮ ਦੇ ਘਿਨੌਣੇ ਅਪਰਾਧ ਕੀਤੇ ਹਨ।


Manoj

Content Editor

Related News