ਪੰਜਾਬ ''ਚ ਜੁੜਿਆ ਰਹੇਗਾ ਨਹੁੰ ਨਾਲ ਮਾਸ: ਸ਼ਵੇਤ ਮਲਿਕ

10/05/2019 6:39:19 PM

ਜਲੰਧਰ (ਸੋਨੂੰ, ਵਿਕਰਮ)— ਹਰਿਆਣਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ 'ਚ ਮੀਡੀਆ ਸਾਹਮਣੇ ਭੜਾਸ ਕੱਢਣ ਵਾਲੇ ਸਿਆਸੀ ਦਲ ਜਲੰਧਰ ਪੁੱਜਦੇ ਹੀ ਇਕ ਦੂਜੇ ਦੇ ਸਕੇ ਹੋ ਗਏ। ਸ਼ਨੀਵਾਰ ਨੂੰ ਅਕਾਲੀ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਵੱਲੋਂ ਸਾਂਝੀ ਬੈਠਕ ਕੀਤੀ ਗਈ। ਇਸ ਮੀਟਿੰਗ 'ਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਕਈ ਮੁੱਖ ਲੀਡਰ ਸ਼ਾਮਲ ਰਹੇ। ਦੋਹਾਂ ਪਾਰਟੀਆਂ ਦੇ ਪ੍ਰਧਾਨਾਂ ਨੇ ਇਸ 'ਚ ਸ਼ਿਰਕਤ ਕਰ ਜ਼ਿਮਨੀ ਚੋਣਾਂ ਬਾਰੇ ਰਣਨੀਤੀ ਤੈਅ ਕੀਤੀ। ਦੋਹਾਂ ਪਾਰਟੀਆਂ ਨੇ ਪੰਜਾਬ 'ਚ ਗਠਜੋੜ ਦੇ ਮਜ਼ਬੂਤ ਰਹਿਣ ਦਾ ਦਾਅਵਾ ਕੀਤਾ ਹੈ। 
ਇਸ ਮੌਕੇ ਸ਼ਵੇਤ ਮਲਿਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ-ਗਠਜੋੜ ਅਟੁੱਟ ਹੈ ਪਰ ਹਰਿਆਣਾ ਮਸਲੇ 'ਤੇ ਉਹ ਕੋਈ ਕਮੈਂਟ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਜੋਕਿ ਕਾਫੀ ਮਜ਼ਬੂਤ ਅਤੇ ਪੁਰਾਣਾ ਰਿਸ਼ਤਾ ਹੈ ਅਤੇ ਇਸੇ ਤਰ੍ਹਾਂ ਹੀ ਇਹ ਰਿਸ਼ਤਾ ਅੱਗੇ ਵੀ ਬਣਿਆ ਰਹੇਗਾ।

ਪੰਜਾਬ 'ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ 'ਚ ਗਠਜੋੜ ਵੱਲੋਂ ਚਾਰੋ ਸੀਟਾਂ 'ਤੇ ਤਾਕਤ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਭਾਜਪਾ ਮੋਦੀ ਦੇ ਏਜੰਡੇ 'ਤੇ ਕਾਇਮ ਹੈ ਜਦਕਿ ਅਕਾਲੀ ਦਲ ਕਾਂਗਰਸ ਖਿਲਾਫ ਆਪਣਾ ਮੋਰਚਾ ਖੋਲ੍ਹੀ ਬੈਠਾ ਹੈ। ਉਥੇ ਹੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਨਾਲ ਹਮੇਸ਼ਾ ਜੁੜੀ ਹੋਈ ਹੈ ਅਤੇ ਇਕੱਠੇ ਰਹਿ ਕੇ ਹੀ ਚੋਣਾਂ ਲੜੇਗੀ। ਉਥੇ ਹੀ 550ਵੇਂ ਗੁਰਪੁਰਬ ਨੂੰ ਲੈ ਕੇ ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਅਤੇ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣਾ ਚਾਹੀਦਾ ਹੈ। 

ਮੀਟਿੰਗ 'ਚ ਅਕਾਲੀ ਦੱਲ ਪ੍ਰਧਾਨ ਸੁਖਬੀਰ ਬਾਦਲ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਇ ਖੰਨਾ, ਪੰਜਾਬ ਭਾਜਪਾ ਸਾਬਕਾ ਪ੍ਰਧਾਨ ਕਮਲ ਸ਼ਰਮਾ, ਸੰਸਦ ਮੈਂਬਰ ਸੋਮ ਪ੍ਰਕਾਸ਼, ਡਾ ਦਲਜੀਤ ਸਿੰਘ ਚੀਮਾ, ਬੀਬੀ ਮਹਿੰਦਰ ਕੌਰ ਜੋਸ਼, ਡਾ ਉਪਿੰਦਰਜੀਤ ਕੌਰ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਭਾਜਪਾ ਪੰਜਾਬ ਮਾਮਲਾ ਇੰਚਾਰਜ ਦਿਨੇਸ਼ ਸ਼ਰਮਾ, ਰਾਕੇਸ਼ ਰਾਠੌਰ, ਫਗਵਾੜਾ ਤੋਂ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਮੌਜੂਦ ਹਨ।


shivani attri

Content Editor

Related News