ਸ਼ਵੇਤ ਮਲਿਕ ਦੇ ਪ੍ਰੋਗਰਾਮ ਦੌਰਾਨ ਕਾਂਗਰਸੀ ਤੇ ਭਾਜਪਾ ਵਰਕਰ ਭਿੜੇ
Sunday, Dec 23, 2018 - 06:24 PM (IST)

ਜਲੰਧਰ (ਸੋਨੂੰ)— ਗੁਰਦਾਸਪੁਰ 'ਚ 3 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਸਬੰਧੀ ਅੱਜ ਜਲੰਧਰ ਵਿਖੇ ਜਾਣਕਾਰੀ ਦੇਣ ਪਹੁੰਚੇ ਭਾਜਪਾ ਪ੍ਰਧਾਨ ਸ਼ਵੇਤ ਦੇ ਪ੍ਰੋਗਰਾਮ ਦੌਰਾਨ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਵੇਤ ਮਲਿਕ ਹੋਟਲ ਇੰਦਰਪ੍ਰਸਥ 'ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਕਿ ਇਸੇ ਦੌਰਾਨ ਕਾਂਗਰਸੀ ਨੇਤਾ ਜਗਦੀਪ ਸਿੰਘ ਸੋਨੂੰ ਸੰਧਰ ਆਪਣੇ ਸਾਥੀਆਂ ਨਾਲ ਹੋਟਲ ਦੇ ਬਾਹਰ ਪਹੁੰਚ ਗਏ ਅਤੇ ਕਾਲੇ ਝੰਡੇ ਦਿਖਾਉਂਦੇ ਹੋਏ ਭਾਜਪਾ ਸਰਕਾਰ ਦਾ ਵਿਰੋਧ ਕਰਨ ਲੱਗੇ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ਨਾਲ ਗਾਲੀ-ਗਲੋਚ ਕਰਦਿਆਂ ਭੱਦੀ ਸ਼ਬਦਾਵਲੀ ਵੀ ਵਰਤੀ।
ਹੋਟਲ 'ਚ ਭਾਜਪਾ ਦੇ ਸਮਾਗਮ 'ਚ ਸ਼ਵੇਤ ਮਲਿਕ ਦੇ ਭੁੱਜਣ ਦੀ ਭਿਣਕ ਲੱਗਦੇ ਹੀ ਯੂਥ ਕਾਂਗਰਸ ਜਲੰਧਰ ਦੇ ਜਨਰਲ ਸਕੱਤਰ ਜਗਦੀਪ ਸਿੰਘ ਸਾਥੀਆਂ ਸਮੇਤ ਕਾਲੀਆਂ ਝੰਡੀਆਂ ਲੈ ਕੇ ਸਮਾਗਮ ਸਥਾਨ 'ਤੇ ਪੁੱਜੇ ਅਤੇ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਭਾਜਪਾ ਖਿਲਾਫ ਕੀਤੀ ਜਾ ਰਹੀ ਨਾਅਰੇਬਾਜ਼ੀ ਦੀ ਭਿਣਕ ਲੱਗਦੇ ਹੀ ਭਾਜਪਾ ਨੇਤਾ ਅਮਿਤ ਤਨੇਜਾ ਵੀ ਸਮਰਥਕਾਂ ਸਮੇਤ ਸਮਾਗਮ ਸਥਾਨ 'ਤੇ ਪੁੱਜ ਗਏ ਅਤੇ ਰਾਹੁਲ ਗਾਂਧੀ ਤੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਵੱਡੀ ਗਿਣਤੀ 'ਚ ਮੌਜੂਦ ਭਾਜਪਾ ਵਰਕਰਾਂ ਸਾਹਮਣੇ ਚੰਦ ਯੂਥ ਕਾਂਗਰਸੀ ਟਿਕ ਨਹੀਂ ਸਕੇ ਅਤੇ ਭਾਜਪਾ ਵਰਕਰਾਂ ਨੇ ਯੂਥ ਕਾਂਗਰਸੀਆਂ ਨੂੰ ਮੌਕੇ ਤੋਂ ਖਦੇੜ ਦਿੱਤਾ। ਮਾਹੌਲ ਨੂੰ ਸ਼ਾਂਤੀ ਬਣਾਈ ਰੱਖਣ ਲਈ ਪੁਲਸ ਬਲ ਨੂੰ ਵੀ ਖਾਸੀ ਮੁਸ਼ੱਕਤ ਕਰਨੀ ਪਈ। ਪੁਲਸ ਕਰਮਚਾਰੀਆਂ ਨੇ ਦੋਵੇਂ ਪਾਰਟੀਆਂ ਦੇ ਵਰਕਰਾਂ ਨੂੰ ਵੱਖ-ਵੱਖ ਕੀਤਾ।
ਭਾਜਪਾ ਵਰਕਰਾਂ ਨੇ ਕਾਂਗਰਸ ਦੇ ਝੰਡੇ ਨੂੰ ਪੈਰਾਂ ਹੇਠ ਰੋਲਿਆ
ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕਰ ਰਹੇ ਇਕ ਕਾਂਗਰਸ ਵਰਕਰ ਕੋਲੋਂ ਝੰਡਾ ਖੋਹ ਕੇ ਪੈਰਾਂ ਹੇਠ ਰੋਲ ਦਿੱਤਾ। ਇਸ ਦੌਰਾਨ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਬੋਲ ਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਰਫ ਸਸਤੀ ਸ਼ੋਹਰਤ ਦੀ ਖਾਤਰ ਮੁੱਠੀ ਭਰ ਕਾਂਗਰਸੀ ਜਿੱਥੇ ਦਿਲ ਕਰਦਾ ਕਾਲੀਆਂ ਝੰਡੀਆਂ ਲੈ ਕੇ ਪੁੱਜ ਜਾਂਦੇ ਹਨ ਅਤੇ ਜਾਣਬੁੱਝ ਕੇ ਮਾਹੌਲ ਖਰਾਬ ਦਾ ਯਤਨ ਕਰਦੇ ਹਨ। ਉਥੇ ਸੋਨੂੰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਦੇਸ਼ ਦੀ ਜਨਤਾ ਨਾਲ ਝੂਠੇ ਵਾਅਦੇ ਕੀਤੇ ਹਨ। ਨਾ ਤਾਂ ਲੋਕਾਂ ਦੇ ਖਾਤੇ 'ਚ 15-15 ਲੱਖ ਰੁਪਏ ਆਏ ਅਤੇ ਨਾ ਹੀ ਬੇਰੋਜ਼ਗਾਰੀ ਅਤੇ ਭ੍ਰਿਸ਼ਟਾਚਾਰ ਖਤਮ ਹੋਇਆ। ਕਾਂਗਰਸੀ ਨੇਤਾ ਸੋਨੂੰ ਸੰਧਰ ਦਾ ਕਹਿਣਾ ਹੈ ਕਿ 5 ਸਾਲਾਂ 'ਚ ਭਾਜਪਾ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸੇ ਨੂੰ ਲੈ ਕੇ ਉਹ ਅੱਜ ਭਾਜਪਾ ਦਾ ਵਿਰੋਧ ਜਤਾਉਣ ਲਈ ਉਥੇ ਪਹੁੰਚੇ ਸਨ।