ਜਲੰਧਰ : ਕਰਿਆਨਾ ਤੇ ਡੇਅਰੀ ਸਮੇਤ ਸਵੇਰੇ 7 ਤੋਂ 3 ਵਜੇ ਤਕ ਖੁੱਲਣਗੀਆਂ ਇਹ ਦੁਕਾਨਾਂ

05/12/2020 12:34:40 AM

ਜਲੰਧਰ, (ਚੋਪੜਾ)— ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਰੈੱਡ ਜ਼ੋਨ 'ਚ ਪੈਂਦੇ ਖੇਤਰਾਂ 'ਚ ਜ਼ਰੂਰੀ ਵਸਤਾਂ ਨਾਲ ਸਬੰਧਤ ਕਾਰੋਬਾਰੀ ਸਰਗਰਮੀਆਂ ਤੋਂ ਛੋਟ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਰੈੱਡ ਜ਼ੋਨ 'ਚ ਸਿਰਫ ਸਟੈਂਡ ਅਲੋਨ ਦੁਕਾਨਾਂ ਖੋਲ੍ਹਣ ਦੀ ਛੋਟ ਮਿਲੀ ਸੀ ਪਰ ਹੁਣ ਸ਼ਹਿਰੀ ਖੇਤਰਾਂ 'ਚ ਸਵੇਰੇ 7 ਤੋਂ ਦੁਪਹਿਰ 3 ਵਜੇ ਤਕ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ ।
ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਗਰਮੀਆਂ ਦਾ ਮੌਸਮ ਹੈ, ਪੱਖੇ, ਕੂਲਰ ਅਤੇ ਏ. ਸੀ. ਵੇਚਣ ਵਾਲੀਆਂ ਦੁਕਾਨਾਂ ਵੀ ਇਸ ਸਮੇਂ ਦੌਰਾਨ ਖੁੱਲੀਆਂ ਰਹਿਣਗੀਆਂ । ਉਨ੍ਹਾਂ ਦੱਸਿਆ ਕਿ ਸਾਰੀਆਂ ਦੁੱਧ ਦੀਆਂ ਡੇਅਰੀਆਂ, ਬੂਥ ਅਤੇ ਮਿਲਕ ਪ੍ਰੋਡਕਟ ਵੇਚਣ ਵਾਲੀਆਂ ਦੁਕਾਨਾਂ ਵੀ ਇਸ ਛੋਟ ਵਿਚ ਸ਼ਾਮਲ ਹੋਣਗੀਆਂ । ਇਨ੍ਹਾਂ ਸਾਰੇ ਪ੍ਰੋਡਕਟਾਂ ਦੀ ਡੋਰ-ਟੂ-ਡੋਰ ਸਪਲਾਈ ਕਰਫਿਊ ਦੌਰਾਨ ਪਹਿਲਾਂ ਵਾਂਗ ਜਾਰੀ ਰਹੇਗੀ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ ਨੂੰ ਵੀ ਛੋਟ ਦਿੱਤੀ ਗਈ ਹੈ ਪਰ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਜਾ ਕੇ ਖਰੀਦਣ ਦੀ ਬਜਾਏ ਆਨਲਾਈਨ ਸਪਲਾਈ ਨੂੰ ਪਹਿਲ ਦੇਣ । ਉਨ੍ਹਾਂ ਕਿਹਾ ਕਿ ਬਾਜ਼ਾਰ ਤੋਂ ਖਰੀਦ ਕੇ ਜਾਂ ਆਨਲਾਈਨ ਮੰਗਵਾਈ ਡਿਲੀਵਰੀ 'ਤੇ ਚੜੀ ਪਲਾਸਟਿਕ ਦੀ ਪੈਕਿੰਗ ਨੂੰ ਸੈਨੇਟਾਈਜ਼ ਕਰ ਕੇ ਹੀ ਬੱਚਿਆਂ ਨੂੰ ਦੇਣ ।
ਡਿਪਟੀ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਕਾਰੋਬਾਰੀਆਂ ਨੂੰ ਸੋਮਵਾਰ ਰੈੱਡ ਜ਼ੋਨ 'ਚ ਛੋਟ ਦਿੱਤੀ ਗਈ ਹੈ, ਉਹ ਕੋਵਿਡ -19 ਨਿਯਮਾਂ ਨੂੰ ਯਕੀਨੀ ਬਣਾਉਂਦੇ ਹੋਏ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਣ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਭੀੜ ਇਕੱਠੀ ਕੀਤੀ ਅਤੇ ਛੋਟ ਦਾ ਗਲਤ ਫਾਇਦਾ ਉਠਾਇਆ ਤਾਂ ਉਸ ਦੀ ਛੋਟ ਵੀ ਵਾਪਸ ਲਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਅਜੇ ਬਹੁਤ ਲੰਬੇ ਸਮੇਂ ਤਕ ਚੱਲਣੀ ਹੈ, ਜੇਕਰ ਸ਼ਹਿਰ ਵਾਸੀ ਸੰਯਮ 'ਚ ਰਹਿਣਗੇ ਤਾਂ ਉਨ੍ਹਾਂ ਲਈ ਕਰਫਿਊ ਦੌਰਾਨ ਛੋਟ ਨੂੰ ਹੌਲੀ-ਹੌਲੀ ਵਧਾ ਦਿੱਤਾ ਜਾਵੇਗਾ ।


KamalJeet Singh

Content Editor

Related News