ਹੁਣ ''ਕੋਰੋਨਾ'' ਨੈਗੇਟਿਵ ਰਿਪੋਰਟ ਵਾਲੇ ਦੁਕਾਨਦਾਰ ਹੀ ਖੋਲ੍ਹ ਸਕਣਗੇ ਦੁਕਾਨਾਂ
Wednesday, May 05, 2021 - 04:57 PM (IST)
ਨਾਭਾ (ਜੈਨ) : ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਲਾਕਡਾਊਨ ਤੇ ਸਖ਼ਤ ਪਾਬੰਦੀਆਂ ਕਾਰਨ ਛੋਟੇ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਸਾਰੀਆਂ ਦੁਕਾਨਾਂ ਖੋਲ੍ਹੇ ਜਾਂ ਸਾਰੀਆਂ ਬੰਦ ਕਰੇ। ਘਰਾਂ ਵਿਚ ਲੋਕ ਭੁੱਖੇ ਮਰਨ ਲਈ ਮਜਬੂਰ ਹਨ। ਸਰਕਾਰੀ ਵਾਹਨਾਂ ਵਿਚ 4-4 ਵਿਅਕਤੀ ਬੈਠਦੇ ਹਨ ਪਰ ਨਿੱਜੀ ਵਾਹਨਾਂ ਵਿਚ ਸਿਰਫ ਦੋ ਦੀ ਹੀ ਪ੍ਰਵਾਨਗੀ ਹੈ। ਆਮ ਆਦਮੀ ਪਾਰਟੀ ਦੇ ਆਗੂ ਦੇਵਮਾਨ ਦਾ ਕਹਿਣਾ ਹੈ ਕਿ ਦੋਪਹੀਆ ਵਾਹਨਾਂ 'ਤੇ ਸਿਵਲ ਸਵਾਰੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਕਹਿ ਦਿੱਤਾ ਗਿਆ ਹੈ ਕਿ ਇਕ ਪਰਿਵਾਰ ਦੇ ਦੋ ਮੈਂਬਰ ਸਕੂਟਰ/ਮੋਟਰਸਾਈਕਲ ’ਤੇ ਸਫ਼ਰ ਕਰ ਸਕਦੇ ਹਨ।
ਦੇਵਮਾਨ ਨੇ ਇਸ ਹੁਕਮ ਬਾਰੇ ਕਿਹਾ ਕਿ ਕੀ ਹੁਣ ਹਰੇਕ ਵਿਅਕਤੀ ਰਾਸ਼ਨ ਕਾਰਡ ਨਾਲ ਲੈ ਕੇ ਸਫ਼ਰ ਕਰੇਗਾ, ਜਿਸ ਤੋਂ ਸਪੱਸ਼ਟ ਹੋਵੇ ਕਿ ਦੋਵੇਂ ਮੈਂਬਰ ਇਕ ਹੀ ਪਰਿਵਾਰ ਦੇ ਹਨ, ਜੋ ਸਫ਼ਰ ਕਰ ਰਹੇ ਹਨ। ਐਸ. ਡੀ. ਐਮ. ਕਾਲਾ ਰਾਮ ਕਾਂਸਲ ਨੇ ਨਿਰਦੇਸ਼ ਦਿੱਤਾ ਹੈ ਕਿ ਹਰੇਕ ਦੁਕਾਨਦਾਰ ਤੇ ਨੌਕਰ ਮਾਸਕ ਦਾ ਇਸਤੇਮਾਲ ਕਰੇ ਅਤੇ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਕੋਵਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਨਾਲ ਰੱਖੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸ਼ਨ ਹੁਣ 2 ਦਿਨਾਂ ਬਾਅਦ ਹਰੇਕ ਖੁੱਲ੍ਹੀ ਦੁਕਾਨ ’ਤੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗਾ ਕਿਉਂਕਿ ਸ਼ਹਿਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 50 ਤੋਂ ਵੱਧ ਪਾਜ਼ੇਟਿਵ ਕੇਸ ਆਏ ਤੇ ਕਈਆਂ ਦੀ ਮੌਤ ਹੋ ਗਈ।
ਨਾਭਾ ਵਪਾਰ ਮੰਡਲ ਵੱਲੋਂ ਵੀ ਦੁਕਾਨਦਾਰਾਂ ਨੂੰ ਅਪੀਲ ਕਰ ਦਿੱਤੀ ਗਈ ਹੈ ਕਿ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸਾਰੇ ਦੁਕਾਨਦਾਰ ਤੇ ਨੌਕਰ 7 ਮਈ ਤੱਕ ਕੋਰੋਨਾ ਟੈਸਟ ਕਰਵਾ ਲੈਣ। ਨੈਗੇਟਿਵ ਰਿਪੋਰਟ ਵਾਲੇ ਦੁਕਾਨਦਾਰ ਹੀ ਹੁਣ ਦੁਕਾਨਾਂ ਖੋਲ੍ਹ ਸਕਣਗੇ। ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਪਾਰੀਆਂ ਖ਼ਿਲਾਫ਼ ਕਾਰਵਾਈ ਹੋਵੇਗੀ ਅਤੇ ਦੁਕਾਨਾਂ ਸੀਲ ਹੋਣਗੀਆਂ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਅਸੀਂ 10 ਮਈ ਤੋਂ ਸਾਰੇ ਸ਼ਹਿਰੀ ਖੇਤਰਾਂ ਤੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਮੁਹਿੰਮ ਆਰੰਭ ਕਰ ਰਹੇ ਹਾਂ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਾਅ ਹੋ ਸਕੇ। ਜੋ ਵੀ ਵਿਅਕਤੀ ਪਾਰਕਾਂ ਵਿਚ ਸੈਰ ਕਰੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਲਾਕਡਾਊਨ ਵਿਚ ਢਿੱਲ ਨਹੀਂ ਦਿੱਤੀ ਜਾ ਸਕਦੀ।