ਜੁੱਤੀਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

Monday, Jun 29, 2020 - 08:29 AM (IST)

ਜੁੱਤੀਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ

ਭਵਾਨੀਗੜ੍ਹ, (ਵਿਕਾਸ, ਕਾਂਸਲ) : ਬੀਤੀ ਰਾਤ ਸ਼ਹਿਰ ਦੇ ਗਊਸ਼ਾਲਾ ਚੌੰਕ ਨੇੜੇ ਸਥਿਤ ਜੁੱਤੀਆਂ ਦੇ ਤਿੰਨ ਮੰਜ਼ਲਾਂ ਸ਼ੋਅਰੂਮ 'ਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਸ਼ੋਅਰੂਮ 'ਚ ਪਿਆ ਸਮਾਨ ਸੜ੍ਹ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਿਆ। ਘਟਨਾ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਣ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਪੰਜ ਗੱਡੀਆਂ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਤੇ ਸਵੇਰ ਤੱਕ ਵੀ ਅੱਗ ਸੁਲਘਦੀ ਰਹੀ।


ਸਿੰਗਲਾ ਬੂਟ ਹਾਊਸ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਲਾਕਡਾਊਨ ਦੇ ਚੱਲਦਿਆਂ ਐਤਵਾਰ ਨੂੰ ਪੂਰਾ ਦਿਨ ਉਨ੍ਹਾਂ ਦਾ ਸ਼ੋਅਰੂਮ ਬੰਦ ਸੀ ਤੇ ਐਤਵਾਰ ਰਾਤ ਕਰੀਬ ਡੇਢ ਕੁ ਵਜੇ ਚੌਂਕੀਦਾਰ ਨੇ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ, ਜਿਸ 'ਤੇ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਕਿ ਦੁਕਾਨ 'ਚੋਂ ਅੱਗ ਦੀ ਲਪਟਾ ਉੱਠ ਰਹੀਆਂ ਸਨ। ਹੇਠਲੀ ਮੰਜ਼ਲ ਤੋਂ ਸ਼ੁਰੂ ਹੋਈ ਅੱਗ ਨੇ ਦੇਖਦੇ ਹੀ ਦੇਖਦੇ ਉਪਰਲੀਆਂ ਦੋਵੇਂ ਮੰਜ਼ਲਾਂ ਨੂੰ ਅਪਣੀ ਲਪੇਟ 'ਚ ਲੈ ਲਿਆ ਤੇ ਦੁਕਾਨ 'ਚ ਪਏ ਲੱਖਾਂ ਰੁਪਏ ਦੇ ਸਮਾਨ ਨੂੰ ਸਾੜ ਕੇ ਰਾਖ ਕਰ ਦਿੱਤਾ। ਸ਼ੋਅਰੂਮ ਦੇ ਮਾਲਕ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਦੇਣ ਤੋਂ ਕਰੀਬ ਡੇਢ ਘੰਟੇ ਦੀ ਦੇਰੀ ਨਾਲ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਪਰ ਉਦੋਂ ਤੱਕ ਤਿਨ੍ਹਾਂ ਮੰਜ਼ਲਾਂ ਨੂੰ ਅੱਗ ਨੇ ਅਪਣੀ ਲਪੇਟ ਵਿੱਚ ਲੈ ਲਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦਾ 50- 55 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨਾਦਾਰ ਨੇ ਦੱਸਿਆ ਕਿ ਅਜੇ ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣਾ ਨਵਾਂ ਤਿੰਨ ਮੰਜ਼ਲਾਂ ਸ਼ੋਅਰੂਮ ਬਣਾਇਆ ਸੀ। ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚ ਜਾਂਦੀਆਂ ਤਾਂ ਇਸ ਘਟਨਾ ਵਿੱਚ ਦੁਕਾਨਦਾਰ ਦਾ ਜਿਆਦਾ ਨੁਕਸਾਨ ਹੋਣੋ ਬਚ ਸਕਦਾ ਸੀ। ਇਸ ਮੌਕੇ ਫਕੀਰ ਚੰਦ ਸਿੰਗਲਾ, ਚਿੰਨੂ ਮੜਕਨ, ਰਮੇਸ਼ ਮੇਸ਼ੀ, ਸਚਿਨ ਕੁਮਾਰ, ਕ੍ਰਿਸ਼ਨ ਚੰਦ, ਪ੍ਰਭਾਤ ਕੁਮਾਰ ਵੀਰਾ ਅਦਿ ਦੁਕਾਨਾਦਾਰਾਂ ਨੇ ਪ੍ਰਸ਼ਾਸਨ ਤੋਂ ਦੁਕਾਨਦਾਰ ਨੂੰ ਅੱਗ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਨਾਲ ਸਰਕਾਰ ਤੋਂ ਸ਼ਹਿਰ ਵਿੱਚ ਫਾਇਰ ਸਟੇਸ਼ਨ ਸਥਾਪਤ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। 


author

Lalita Mam

Content Editor

Related News