ਪੰਜਾਬ: ਵਿਆਹ ਤੋਂ ਪਹਿਲਾਂ ਬਾਰਾਤ ਉੱਪਰ ਹੋ ਗਿਆ ਹਮਲਾ! ਕਿਰਪਾਨ ਨਾਲ...
Monday, Apr 27, 2026 - 02:18 PM (IST)
ਲੁਧਿਆਣਾ (ਰਾਜ): ਬਾਰਾਤ ਦੇ ਖੁਸ਼ੀਆਂ ਭਰੇ ਮਾਹੌਲ ਵਿਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਬਾਰਾਤੀਆਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨਾ ਸਿਰਫ਼ ਬਾਰਾਤੀਆਂ ਦੀਆਂ ਅੱਖਾਂ ਵਿਚ ਮਿਰਚਾਂ ਦਾ ਸਪ੍ਰੇਅ ਮਾਰਿਆ, ਸਗੋਂ ਇਕ ਵਿਅਕਤੀ 'ਤੇ ਕਿਰਪਾਨ (ਤਲਵਾਰ) ਨਾਲ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਸ਼ਿਕਾਇਤਕਰਤਾ ਸ਼ੰਕਰ ਸਿਸੋਰੀਆ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮਿਤੀ 25 ਅਪ੍ਰੈਲ ਨੂੰ ਉਹ ਆਪਣੇ ਭਰਾ ਮਹਿੰਦਰ ਸਿਸੋਰੀਆ ਦੀ ਬਾਰਾਤ ਵਿਚ ਸ਼ਾਮਲ ਸੀ। ਬਾਰਾਤ ਦੀ ਬੱਸ ਵਿਚ ਉਸ ਦੇ ਮਾਸੜ ਰਾਜਿੰਦਰ ਕੁਮਾਰ ਅਤੇ ਦੇਵ ਡਾਬੀ ਬੈਠੇ ਹੋਏ ਸਨ। ਉਦੋਂ ਹੀ ਅਚਾਨਕ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ। ਚਸ਼ਮਦੀਦਾਂ ਅਨੁਸਾਰ, ਹਮਲਾਵਰਾਂ ਨੇ ਬੱਸ ਵਿਚ ਮੌਜੂਦ ਬਾਰਾਤੀਆਂ ਅਤੇ ਸ਼ਿਕਾਇਤਕਰਤਾ ਦੇ ਮਾਸੜ 'ਤੇ ਮਿਰਚਾਂ ਦਾ ਸਪ੍ਰੇਅ ਕਰ ਦਿੱਤਾ, ਜਿਸ ਨਾਲ ਉੱਥੇ ਚੀਕ-ਚਿਹਾੜਾ ਮਚ ਗਿਆ। ਇਸੇ ਦੌਰਾਨ ਹਮਲਾਵਰਾਂ ਨੇ ਰਾਜਿੰਦਰ ਕੁਮਾਰ 'ਤੇ ਕਿਰਪਾਨ ਨਾਲ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਵਾਰਦਾਤ ਤੋਂ ਬਾਅਦ ਪੀੜਤ ਪੱਖ ਨੇ ਆਪਣੇ ਪੱਧਰ 'ਤੇ ਪੜਤਾਲ ਕੀਤੀ, ਜਿਸ ਵਿਚ ਹਮਲਾਵਰਾਂ ਦੀ ਪਛਾਣ ਸਾਹਿਲ ਡਾਲੀਆ, ਮਨੀਸ਼ ਡਾਲੀਆ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਵਜੋਂ ਹੋਈ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
