1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਐੱਸ. ਐੱਚ. ਓ. ਗ੍ਰਿਫਤਾਰ

Wednesday, Mar 06, 2019 - 04:59 PM (IST)

1 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਐੱਸ. ਐੱਚ. ਓ. ਗ੍ਰਿਫਤਾਰ

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਵਿਜੀਲੈਂਸ ਵਲੋਂ ਥਾਣਾ ਐੱਸ. ਐੱਸ. ਓ. ਸੀ. ਫਾਜ਼ਿਲਕਾ ਦੇ ਸਬ-ਇੰਸਪੈਕਟਰ ਰਜਵੰਤ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸਰਕਾਰੀ ਤੇ ਪ੍ਰਾਈਵੇਟ ਗਵਾਹਾਂ ਦੀ ਮੌਜੂਦਗੀ 'ਚ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਵਿਜੀਲੈਂਸ ਫਿਰੋਜ਼ਪੁਰ ਰੇਂਜ ਹਰਗੋਬਿੰਦ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. ਗੁਰਿੰਦਰਜੀਤ ਸਿੰਘ, ਇੰਸਪੈਕਟਰ ਅਮਨਦੀਪ ਸਿੰਘ ਅਤੇ ਸਬ-ਇੰਸਪੈਕਟਰ ਮਛਿੰਦਰ ਸਿੰਘ ਵਲੋਂ ਐੱਸ. ਐੱਚ. ਓ. ਰਜਵੰਤ ਸਿੰਘ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਤਲਾਸ਼ੀ ਲੈਣ 'ਤੇ ਉਸ ਦੇ ਘਰੋਂ 910 ਗ੍ਰਾਮ ਚੂਰਾ-ਪੋਸਤ,ਸ਼ਿਕਾਇਤਕਰਤਾ ਮੁੱਦਈ ਦਾ 32 ਬੋਰ ਦਾ ਘਰ 'ਚ ਰੱਖਿਆ ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ, ਜਿਸ ਦੇ ਆਧਾਰ 'ਤੇ ਐੱਸ. ਐੱਚ. ਓ. ਖਿਲਾਫ ਵਿਜੀਲੈਂਸ ਵਿਭਾਗ 'ਚ ਮਾਮਲਾ ਦਰਜ ਕਰਵਾਇਆ ਗਿਆ ਹੈ।
 
ਕੀ ਹੈ ਮਾਮਲਾ
ਐੱਸ. ਐੱਸ. ਪੀ. ਹਰਗੋਬਿੰਦ ਸਿੰਘ ਅਤੇ ਡੀ. ਐੱਸ. ਪੀ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਗੁਰਲਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਚੌਧਰੀਆਂ ਵਾਲੀ ਗਲੀ, ਤਹਿ. ਜ਼ਿਲਾ ਮੋਗਾ ਖਿਲਾਫ 11 ਦਸੰਬਰ 2018 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਸ. ਐੱਸ. ਓ. ਸੀ. ਫਾਜ਼ਿਲਕਾ 'ਚ ਮਾਮਲਾ ਦਰਜ ਹੋਇਆ ਸੀ ਅਤੇ ਉਸ ਦੇ ਘਰ ਦੀ ਤਲਾਸ਼ੀ ਲੈਣ ਦੌਰਾਨ ਐੱਸ. ਐੱਚ. ਓ. ਰਜਵੰਤ ਸਿੰਘ ਸ਼ਿਕਾਇਤਕਰਤਾ ਦਾ 32 ਬੋਰ ਦਾ ਪਿਸਟਲ ਤੇ 5 ਕਾਰਤੂਸ ਲੈ ਗਿਆ ਸੀ, ਜੋ ਉਸ ਵਲੋਂ ਦਰਜ ਮੁਕੱਦਮਾ ਨੰਬਰ 19 'ਚ ਦਿਖਾਇਆ ਨਹੀਂ ਸੀ ਗਿਆ। ਜ਼ਮਾਨਤ 'ਤੇ ਘਰ ਆਉਣ ਸਮੇਂ ਗੁਰਲਾਲ ਐੱਸ. ਐੱਚ. ਓ. ਕੋਲ ਗਿਆ ਅਤੇ ਉਸ ਨੇ ਆਪਣਾ ਪਿਸਤੌਲ ਮੰਗਿਆ। ਪਿਸਤੌਲ ਦੇਣ ਦੇ ਬਦਲੇ ਰਜਵੰਤ ਸਿੰਘ ਨੇ ਉਸ ਤੋਂ ਰਿਸ਼ਵਤ ਦੇ ਤੌਰ 'ਤੇ 3 ਲੱਖ ਰੁਪਏ ਮੰਗੇ ਪਰ ਗੱਲਬਾਤ ਕਰਨ ਉਪਰੰਤ ਐੱਸ. ਐੱਚ. ਓ. 2 ਲੱਖ ਰੁਪਏ ਲੈਣ ਲਈ ਤਿਆਰ ਹੋ ਗਿਆ। ਐੱਸ. ਐੱਸ. ਪੀ. ਵਿਜੀਲੈਸ ਨੇ ਦੱਸਿਆ ਕਿ ਜਿਵੇਂ ਹੀ ਗੁਰਲਾਲ ਸਿੰਘ ਨੇ ਐੱਸ. ਐੱਚ. ਓ. ਨੂੰ 1 ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਕਥਿਤ ਰੂਪ 'ਚ ਦਿੱਤੀ ਤਾਂ ਸਰਕਾਰੀ ਗਵਾਹ ਚਰਨਜੀਤ ਸਿੰਘ ਏ. ਡੀ. ਓ. ਫਿਰੋਜ਼ਪੁਰ, ਅਮਿਤ ਥਿੰਦ ਕਲਰਕ ਜ਼ਿਲਾ ਫੂਡ ਸਪਲਾਈ ਕੰਟਰੋਲਰ ਫਿਰੋਜ਼ਪੁਰ ਅਤੇ ਪ੍ਰਾਈਵੇਟ ਗਵਾਹ ਦੀ ਮੌਜੂਦਗੀ 'ਚ ਵਿਜੀਲੈਂਸ ਟੀਮ ਨੇ ਉਸ ਨੂੰ ਪੈਸੇ ਲੈਂਦੇ ਹੋਏ ਮੌਕੇ ਤੋਂ ਗ੍ਰਿਫਤਾਰ ਕਰ ਲਿਆ।


author

rajwinder kaur

Content Editor

Related News