ਲੱਖਾਂ ਦੀ ਠਗੀ ਦੇ ਮਾਮਲੇ ''ਚ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਗ੍ਰਿਫਤਾਰ

Saturday, Feb 22, 2020 - 12:17 PM (IST)

ਲੱਖਾਂ ਦੀ ਠਗੀ ਦੇ ਮਾਮਲੇ ''ਚ ਸ਼ਿਵ ਸੈਨਾ ਆਗੂ ਅਮਿਤ ਸ਼ਰਮਾ ਗ੍ਰਿਫਤਾਰ

ਮੋਹਾਲੀ (ਰਾਣਾ) : ਲੱਖਾਂ ਦੀ ਧੋਖਾਧੜੀ ਨਾਲ ਜੁੜੇ ਕੇਸ 'ਚ ਕਈ ਮਹੀਨਿਆਂ ਤੋਂ ਭਗੌੜੇ ਚੱਲ ਰਹੇ ਸ਼ਿਵ ਸੈਨਾ ਦੇ ਰਾਸ਼ਟਰੀ ਯੂਥ ਪ੍ਰਧਾਨ ਅਮਿਤ ਸ਼ਰਮਾ ਨੂੰ ਮਟੌਰ ਥਾਣੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਜੂਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ। ਜਾਣਕਾਰੀ ਮੁਤਾਬਕ ਇਸ ਧੋਖਾਧੜੀ ਸਬੰਧੀ ਮਾਮਲਾ ਸਾਲ 2015 'ਚ ਮਟੌਰ ਥਾਣੇ 'ਚ ਦਰਜ ਹੋਇਆ ਸੀ। ਅਮਿਤ ਸ਼ਰਮਾ ਨੇ ਫੇਜ਼-7 'ਚ ਰਹਿਣ ਵਾਲੇ ਆਪਣੇ ਹੀ ਇਕ ਰਿਸ਼ਤੇਦਾਰ ਰਵਿੰਦਰ ਸ਼ਰਮਾ ਨਾਲ ਧੋਖਾਧੜੀ ਕੀਤੀ ਸੀ।
ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਦਿੱਤਾ ਝਾਂਸਾ
ਸ਼ਿਕਾਇਤ ਕਰਤਾ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਸਾਲ 2008 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੌਰਾਨ ਦੋਸ਼ੀ ਉਨ੍ਹਾਂ ਦੇ ਇਕ ਰਿਸ਼ਤੇਦਾਰ ਨਾਲ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਕਦੇ ਉਹ ਫਰੂਟ ਤੇ ਕਦੇ ਜੂਸ ਲੈ ਕੇ ਪਹੁੰਚ ਜਾਂਦਾ ਸੀ। ਅਜਿਹਾ ਕਰਕੇ ਉਸ ਨੇ ਰਵਿੰਦਰ ਦਾ ਦਿਲ ਜਿੱਤ ਲਿਆ। ਇਸ ਦੌਰਾਨ ਰਵਿੰਦਰ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਸੋਚੀ।
ਰਵਿੰਦਰ ਨੇ ਅਮਿਤ ਸ਼ਰਮਾ ਨਾਲ ਇਸ ਬਾਰੇ ਗੱਲ ਕੀਤੀ। ਅਮਿਤ ਨੇ ਭਰੋਸਾ ਦੁਆਇਆ ਕਿ ਉਹ ਆਸਾਨੀ ਨਾਲ ਉਸ ਦੇ ਬੱਚਿਆਂ ਨੂੰ ਬਾਹਰ ਭਿਜਵਾ ਸਕਦਾ ਹੈ ਪਰ ਦੋਸ਼ੀ ਨੇ ਬੱਚਿਆਂ ਨੂੰ ਬਾਹਰ ਨਹੀਂ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ, ਜਦੋਂ ਕਿ ਉਸ ਦੇ ਇਕ ਰਿਸ਼ਤੇਦਾਰ ਨੇ ਮਕਾਨ ਦੇ ਨਾਂ ਅਤੇ ਹੋਰ ਕੰਮਾਂ ਲਈ ਰਵਿੰਦਰ ਨਾਲ 13 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ।
ਰਵਿੰਦਰ ਨੇ ਦੱਸਿਆ ਕਿ ਸਾਲ 2011 'ਚ ਉਹ ਸ਼ਿਕਾਇਤ ਲੈ ਕੇ ਮੋਹਾਲੀ ਪੁਲਸ ਦੇ ਪਿੱਛੇ ਘੁੰਮਦਾ ਰਿਹਾ, ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਸ ਨੇ ਇਸ ਮਾਮਲੇ ਨੂੰ ਲੈ ਕੇ ਡੀ. ਜੀ. ਪ. ਨਾਲ ਮੁਲਾਕਾਤ ਕੀਤੀ। ਸਾਲ 2015 'ਚ ਜਦੋਂ ਅਮਿਤ 'ਤੇ ਮੁੱਲਾਂਪੁਰ ਤੇ ਬਲੌਂਗੀ 'ਚ ਕੇਸ ਦਰਜ ਹੋਏ ਤਾਂ ਉਹ ਦੁਬਾਰਾ ਐੱਸ. ਐੱਸ. ਪੀ. ਨੂੰ ਮਿਲਿਆ। ਇਸ ਤੋਂ ਬਾਅਦ ਉਸ ਦੀ ਸ਼ਿਕਾਇਤ 'ਤੇ ਮਟੌਰ ਥਾਣੇ 'ਚ ਅਮਿਤ ਸ਼ਰਮਾ ਅਤੇ ਕੁਝ ਹੋਰ ਲੋਕਾਂ 'ਤੇ ਕੇਸ ਦਰਜ ਹੋਇਆ ਸੀ ਪਰ ਅਮਿਤ ਪੁਲਸ ਦੀ ਗ੍ਰਿਫਤ ਤੋਂ ਬਾਹਰ ਰਿਹਾ। ਇਸ ਤੋਂ ਬਾਅਦ ਰਵਿੰਦਰ ਨੇ ਅਦਾਲਤ 'ਚ ਇਕ ਹੋਰ ਐਪਲੀਕੇਸ਼ਨ ਲਾਈ, ਜਿਸ 'ਤੇ ਕਈ ਵਾਰ ਅਮਿਤ ਨੂੰ ਸੰਮਨ ਜਾਰੀ ਹੋਏ ਪਰ ਦੋਸ਼ੀ ਅਦਾਲਤ 'ਚ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ।


author

Babita

Content Editor

Related News