ਅਕਾਲੀਆਂ ਵੱਲੋਂ ਹੁਸ਼ਿਆਰਪੁਰ-ਚੰਡੀਗੜ ਬਾਈਪਾਸ ''ਤੇ ਰੋਸ ਧਰਨਾ ਤੇ ਚੱਕਾ ਜਾਮ

Friday, Dec 08, 2017 - 05:27 PM (IST)

ਅਕਾਲੀਆਂ ਵੱਲੋਂ ਹੁਸ਼ਿਆਰਪੁਰ-ਚੰਡੀਗੜ ਬਾਈਪਾਸ ''ਤੇ ਰੋਸ ਧਰਨਾ ਤੇ ਚੱਕਾ ਜਾਮ

ਹੁਸ਼ਿਆਰਪੁਰ (ਘੁੰਮਣ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਦੇ ਮੱਲਾਂਵਾਲਾ ਕਾਂਡ ਦੇ ਵਿਰੋਧ 'ਚ ਕਾਂਗਰਸ ਸਰਕਾਰ ਖਿਲਾਫ਼ ਸ਼ੁਰੂ ਕੀਤੇ ਗਏ ਧਰਨਿਆਂ ਦੀ ਕੜੀ ਤਹਿਤ ਸ਼ੁੱਕਰਵਾਰ ਹੁਸ਼ਿਆਰਪੁਰ ਵਿਖੇ ਵੀ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਧੱਕੇ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨਾਮਜ਼ਦਗੀਆਂ ਹੀ ਦਾਖ਼ਲ ਨਹੀਂ ਕਰਨ ਦੇਣੀਆਂ ਤਾਂ ਫਿਰ ਚੋਣਾਂ ਕਰਵਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਜੰਗਲ ਰਾਜ ਚੱਲ ਰਿਹਾ ਹੈ ਤੇ ਕਾਂਗਰਸ ਹਰ ਥਾਂ 'ਤੇ ਧੱਕੇ ਨਾਲ ਕੰਮ ਕਰਵਾਉਣਾ ਚਾਹੁੰਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਧੱਕੇਸ਼ਾਹੀਆਂ ਦਾ ਡੱਟ ਕੇ ਜਵਾਬ ਦੇਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਤੇ ਗਰੀਬ ਲੋਕਾਂ ਲਈ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਹੋਂਦ 'ਚ ਲਿਆਂਦੀਆਂ ਗਈਆਂ ਸਨ ਪਰ ਕਾਂਗਰਸ ਸਰਕਾਰ ਬਣਦਿਆਂ ਹੀ ਇਹ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ। ਇਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ 'ਚ ਜੋ ਵਾਅਦੇ ਕੀਤੇ ਸਨ, ਉਸ ਤੋਂ ਵੀ ਇਹ ਮੁੱਕਰਦੇ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਅੱਜ ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨਾਂ ਆਦਿ ਸਾਰੀਆਂ ਸਹੂਲਤਾਂ ਬੰਦ ਪਈਆਂ ਹਨ ਤੇ ਕਿਰਸਾਨੀ ਰੁਲ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦੇ ਝੂਠੇ ਵਾਅਦੇ ਕੀਤੇ ਗਏ ਪਰ ਹੁਣ ਉਨ੍ਹਾਂ ਵਾਅਦਿਆਂ ਤੋਂ ਮੁੱਖ ਮੋੜ ਰਹੇ ਹਨ। ਅੱਜ ਪੰਜਾਬ ਅੰਦਰ ਕਾਂਗਰਸ ਰਾਜ 'ਚ ਕਿਸਾਨਾਂ ਦੀਆਂ ਖੁਦਕਸ਼ੀਆਂ ਸਭ ਤੋਂ ਵੱਧ ਹੋ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਅਕਾਲੀ ਆਗੂਆਂ ਖਿਲਾਫ਼ ਦਰਜ ਕੀਤੇ ਝੂਠੇ ਪਰਚੇ ਰੱਦ ਨਹੀਂ ਕਰਦੀ, ਉਦੋਂ ਤੱਕ ਅਕਾਲੀ ਦਲ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਾਬਕਾ ਚੇਅਰਮੈਨ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ ਤੇ ਹੋਰ ਆਗੂ ਤੇ ਵਰਕਰ ਮੌਜੂਦ ਸਨ। 
ਅਕਾਲੀ ਦਲ ਦੇ ਧਰਨੇ 'ਚ ਰਹੀ ਬੇ-ਰੌਣਕੀ
ਅੱਜ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਵਿਖੇ ਦਿੱਤੇ ਗਏ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਅਹੁਦੇਦਾਰ ਤੇ ਵਰਕਰਾਂ ਵੱਲੋਂ ਦੂਰੀ ਬਣਾ ਕੇ ਰੱਖੀ ਗਈ। ਜਦਕਿ ਅਕਾਲੀ ਸਰਕਾਰ ਸਮੇਂ ਦਿੱਤੇ ਜਾਣ ਵਾਲੇ ਧਰਨਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਅਕਾਲੀ ਦਲ ਦੇ ਵਰਕਰ ਸ਼ਾਮਲ ਹੁੰਦੇ ਸਨ ਪਰ ਸਰਕਾਰ ਜਾਣ ਦੇ ਨਾਲ ਹੀ ਅਕਾਲੀਆਂ ਦੇ ਧਰਨਿਆਂ 'ਚ ਬੇ-ਰੌਣਕ ਨਜ਼ਰ ਆਉਣ ਲੱਗ ਪਈ ਹੈ। ਅੱਜ ਜਿਸ ਥਾਂ 'ਤੇ ਰੋਸ ਧਰਨਾ ਦਿੱਤਾ ਗਿਆ, ਉਸਦੇ ਨਾਲ ਹੀ ਸਾਬਕਾ ਕੈਬਨਿਟ ਮੰਤਰੀ ਦਾ ਹਲਕਾ (ਚੱਬੇਵਾਲ) ਸ਼ੁਰੂ ਹੁੰਦਾ ਹੈ, ਜਿਥੋਂ ਉਹ ਚਾਰ ਵਾਰ ਵਿਧਾਇਕ ਬਣੇ ਪਰ ਅੱਜ ਉਹ ਆਪਣੇ ਹਲਕੇ 'ਚੋਂ ਭਾਰੀ ਇੱਕਠ ਨਾਲ ਨਹੀਂ ਲਿਆ ਸਕੇ। ਧਰਨੇ ਵਾਲੀ ਥਾਂ 'ਤੇ ਅਕਾਲੀਆਂ ਦੀ ਬਹੁਤ ਘੱਟ ਗਿਣਤੀ ਇਹ ਦਰਸਾ ਰਹੀ ਸੀ ਕਿ ਪਾਰਟੀ ਦੀ ਹਾਲਤ ਹਲਕਿਆਂ 'ਚ ਬਹੁਤੀ ਵਧੀਆ ਨਹੀਂ ਰਹੀ। ਲੋਕ ਸਿਰਫ ਚੜ੍ਹ•ਦੇ ਸੂਰਜ ਨੂੰ ਹੀ ਸਲਾਮ ਕਰਦੇ ਹਨ ਤੇ ਜ਼ਿਆਦਾਤਰ ਚਿਹਰੇ ਸਰਕਾਰ ਬਦਲਦਿਆਂ ਹੀ ਬਦਲ ਜਾਂਦੇ ਹਨ।
ਧੱਕੇਸ਼ਾਹੀਆਂ ਦਾ ਹੋਣ ਲੱਗਾ ਅਹਿਸਾਸ
ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਸਰਕਾਰ 10 ਸਾਲ ਰਹੀ, ਉਸ ਦੌਰਾਨ ਕਾਂਗਰਸ ਵਾਲੇ ਵਿਧਾਇਕ ਤੇ ਹਲਕਾ ਇੰਚਾਰਜ ਨੰਗੇ ਪਿੰਡੇ ਹੋ ਕੇ ਧਰਨੇ ਦਿੰਦੇ ਰਹੇ ਤੇ ਮੁੱਖ ਮਾਰਗ ਬੰਦ ਕਰਦੇ ਰਹੇ ਅਤੇ ਆਪਣੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਲਈ ਵਿਲਖਦੇ ਰਹੇ, ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁੰਦਾ ਉਹੀ ਜੋ ਸਰਕਾਰ ਦੇ ਲੀਡਰ ਕਹਿੰਦੇ ਸਨ। ਇਹੋ ਜਿਹੀਆਂ ਘਟਨਾਵਾਂ 10 ਸਾਲ ਤੱਕ ਚੱਲਦੀਆਂ ਰਹੀਆਂ ਅਤੇ ਹੁਣ ਸਰਕਾਰ ਬਦਲਦਿਆਂ ਹੀ ਅਕਾਲੀ ਦਲ ਨੂੰ ਵੀ ਧੱਕੇਸ਼ਾਹੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। 
 


Related News