ਕੜਾਕੇ ਦੀ ਸਰਦੀ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਵੱਲੋਂ ਆਰੈਂਜ ਅਲਰਟ ਜਾਰੀ
Friday, Dec 26, 2025 - 11:33 AM (IST)
ਗੁਰਦਾਸਪੁਰ (ਹਰਮਨ)- ਪੰਜਾਬ ਵਿਚ ਕੜਾਕੇ ਦੀ ਸਰਦੀ ਨੇ ਪੂਰੀ ਤਰ੍ਹਾਂ ਪਕੜ ਬਣਾ ਲਈ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਕਈ ਇਲਾਕਿਆਂ ਵਿਚ ਕੋਲਡ ਵੇਵ ਅਤੇ ਕੋਲਡ ਡੇ ਵਰਗੀਆਂ ਸਥਿਤੀਆਂ ਬਣੀਆਂ ਰਹੀਆਂ। ਮੌਸਮ ਭਾਵੇਂ ਸੁੱਕਾ ਬਣਿਆ ਹੋਇਆ ਹੈ ਪਰ ਘੱਟ ਤਾਪਮਾਨ ਅਤੇ ਲਗਾਤਾਰ ਪੈ ਰਹੀ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਆਈ.ਐਮ.ਡੀ. ਵੱਲੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਲਈ 26 ਦਸੰਬਰ ਤੱਕ ਬਹੁਤ ਸੰਘਣੀ ਧੁੰਦ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਸੀ, ਜਦਕਿ ਕੁਝ ਥਾਵਾਂ ’ਤੇ 27 ਦਸੰਬਰ ਨੂੰ ਵੀ ਧੁੰਦ ਬਣੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਲਈ ਵੱਡਾ ਅਲਰਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਗੁਰਦਾਸਪੁਰ ਵਿਚ ਠੰਡ ਤੇ ਧੁੰਦ ਨੇ ਵਧਾਈਆਂ ਮੁਸ਼ਕਲਾਂ
ਜ਼ਿਲ੍ਹਾ ਗੁਰਦਾਸਪੁਰ ਵਿਚ ਪਿਛਲੇ ਕਈ ਦਿਨਾਂ ਤੋਂ ਸਵੇਰੇ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਛਾਈ ਰਹੀ। ਕਈ ਥਾਵਾਂ ’ਤੇ ਦ੍ਰਿਸ਼ਟਤਾ ਘੱਟ ਕੇ 50 ਤੋਂ 100 ਮੀਟਰ ਤੱਕ ਰਹੀ, ਜਿਸ ਕਾਰਨ ਸੜਕ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਠੰਡ ਵਧਣ ਨਾਲ ਲੋਕ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਵਿਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ, ਜੋ ਕੋਲਡ ਵੇਵ ਸਥਿਤੀ ਵੱਲ ਇਸ਼ਾਰਾ ਕਰਦਾ ਹੈ, ਖ਼ਾਸ ਕਰਕੇ ਪਿੰਡਾਂ ਅਤੇ ਨਿਚਲੇ ਇਲਾਕਿਆਂ ਵਿਚ ਠੰਡ ਦਾ ਪ੍ਰਕੋਪ ਵੱਧ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪਿਓ ਵੱਲੋਂ ਕੁੜੀ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲਥਪਥ ਮਿਲੀ ਲਾਸ਼
ਸੰਘਣੀ ਧੁੰਦ ਦੌਰਾਨ ਸੜਕ ਸੁਰੱਖਿਆ ਲਈ ਸਾਵਧਾਨੀ ਜ਼ਰੂਰੀ
ਸੰਘਣੀ ਧੁੰਦ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਵਾਹਨ ਚਾਲਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਧੁੰਦ ਦੌਰਾਨ ਫੌਗ ਲਾਈਟ ਅਤੇ ਲੋ ਬੀਮ ਹੈੱਡਲਾਈਟ ਦੀ ਵਰਤੋਂ ਕਰੋ, ਹਾਈ ਬੀਮ ਤੋਂ ਬਚੋ। ਵਾਹਨਾਂ ਦੀ ਰਫ਼ਤਾਰ ਹੌਲੀ ਰੱਖੋ ਅਤੇ ਅੱਗੇ ਚੱਲ ਰਹੇ ਵਾਹਨ ਨਾਲ ਸੁਰੱਖਿਅਤ ਦੂਰੀ ਬਣਾਈ ਰੱਖੋ। ਅਚਾਨਕ ਬ੍ਰੇਕ ਲਗਾਉਣ ਅਤੇ ਓਵਰਟੇਕ ਕਰਨ ਤੋਂ ਬਚੋ। ਵਾਹਨ ਦੀਆਂ ਟੇਲ ਲਾਈਟਾਂ, ਇੰਡੀਕੇਟਰ ਅਤੇ ਰਿਫਲੈਕਟਰ ਠੀਕ ਹਾਲਤ ਵਿੱਚ ਹੋਣ ਯਕੀਨੀ ਬਣਾਓ। ਜੇ ਦ੍ਰਿਸ਼ਟਤਾ ਬਹੁਤ ਘੱਟ ਹੋ ਜਾਵੇ ਤਾਂ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ ’ਤੇ ਵਾਹਨ ਰੋਕ ਕੇ ਧੁੰਦ ਘੱਟ ਹੋਣ ਦੀ ਉਡੀਕ ਕਰੋ। ਦੋ ਪਹੀਆ ਵਾਹਨ ਚਾਲਕ ਹੈਲਮੈਟ ਅਤੇ ਚਮਕਦਾਰ/ਰਿਫਲੈਕਟਿਵ ਕੱਪੜੇ ਜ਼ਰੂਰ ਪਹਿਨਣ।
ਇਹ ਵੀ ਪੜ੍ਹੋ- ਸਕੂਲਾਂ 'ਚ ਸਰਕਾਰੀ ਛੁੱਟੀਆਂ ਦੇ ਮੱਦੇਨਜ਼ਰ ਜਾਰੀ ਹੋਏ ਵੱਡੇ ਹੁਕਮ
ਸਿਹਤ ਲਈ ਚੇਤਾਵਨੀ
ਸਿਹਤ ਵਿਭਾਗ ਨੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ ਅਤੇ ਬਿਨਾਂ ਲੋੜ ਸਵੇਰੇ-ਸਵੇਰੇ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਆਈ.ਐੱਮ.ਡੀ. ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨ ਸੰਘਣੀ ਧੁੰਦ ਕਾਰਨ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਰਹਿ ਸਕਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀਆਂ ਤਿੰਨ ਔਰਤਾਂ ਨੇ ਅੰਤਰਰਾਸ਼ਟਰੀ ਮੰਚ ’ਤੇ ਰੱਚਿਆ ਇਤਿਹਾਸ, ਮਾਂ, ਧੀ ਅਤੇ ਸੱਸ ਨੂੰ ਮਿਲਿਆ ਤਾਜ
