ਆਪਣੇ ਹਲਕੇ ਤੇ ਜ਼ਿਲੇ ''ਚ ਬੁਰੀ ਤਰ੍ਹਾਂ ਹਾਰੇ ''ਜ਼ਿਲਾ ਕਮਾਂਡਰ'' ਦੀ ''ਪ੍ਰਧਾਨਗੀ'' ''ਤੇ ਲਟਕੀ ਤਲਵਾਰ

Thursday, May 30, 2019 - 12:33 PM (IST)

ਆਪਣੇ ਹਲਕੇ ਤੇ ਜ਼ਿਲੇ ''ਚ ਬੁਰੀ ਤਰ੍ਹਾਂ ਹਾਰੇ ''ਜ਼ਿਲਾ ਕਮਾਂਡਰ'' ਦੀ ''ਪ੍ਰਧਾਨਗੀ'' ''ਤੇ ਲਟਕੀ ਤਲਵਾਰ

ਪਟਿਆਲਾ (ਰਾਜੇਸ਼)—ਸ਼੍ਰੋਮਣੀ ਅਕਾਲੀ ਦਲ ਦੇ 'ਜ਼ਿਲਾ ਕਮਾਂਡਰ ਕਮ ਕਮਾਂਡਰ ਇਨ ਚੀਫ' ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਹਲਕੇ ਸਮਾਣਾ ਸਮੇਤ ਸਮੁੱਚੇ ਜ਼ਿਲੇ ਦੇ 8 ਹਲਕਿਆਂ ਵਿਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਉਨ੍ਹਾਂ ਦੀ 'ਜ਼ਿਲਾ ਪ੍ਰਧਾਨਗੀ' 'ਤੇ ਤਲਵਾਰ ਲਟਕ ਗਈ ਹੈ।

ਚੋਣ ਨਤੀਜਿਆਂ ਦੇ ਅੰਕੜਿਆਂ ਦੀ ਘੋਖ ਤੋਂ ਸਪੱਸ਼ਟ ਹੋਇਆ ਹੈ ਕਿ ਜ਼ਿਲਾ ਕਮਾਂਡਰ ਵਜੋਂ ਵਿਚਰਨ ਵਾਲੇ ਸੁਰਜੀਤ ਸਿੰਘ ਰੱਖੜਾ ਜਿਨ੍ਹਾਂ ਨੂੰ ਅਕਾਲੀ ਹਮੇਸ਼ਾ ਦਰਵੇਸ਼ ਸਿਆਸਤਦਾਨ ਆਖਦੇ ਹਨ, ਨੂੰ ਸਮਾਣਾ ਤੋਂ 5900 ਵੋਟਾਂ ਤੋਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 2017 ਦੀਆਂ ਚੋਣਾਂ ਵਿਚ ਉਹ ਕਾਂਗਰਸ ਦੇ ਘਾਗ ਸਿਆਸਤਦਾਨ ਲਾਲ ਸਿੰਘ ਦੇ ਹੋਣਹਾਰ ਸਪੁੱਤਰ ਕਾਕਾ ਰਾਜਿੰਦਰ ਸਿੰਘ ਹੱਥੋਂ ਹਾਰ ਦਾ ਸ਼ਿਕਾਰ ਹੋਏ ਸਨ। ਇਸ ਤਰ੍ਹਾਂ ਸਮਾਣਾ ਵਿਚ ਇਹ ਉਨ੍ਹਾਂ ਦੀ ਲਗਾਤਾਰ ਦੂਜੀ ਹਾਰ ਹੈ।

ਅਕਾਲੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਛਿੜ ਗਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਰੱਖੜਾ ਪਰਿਵਾਰ ਨੂੰ ਅਕਾਲੀ ਦਲ ਨੇ ਹਮੇਸ਼ਾ ਵੱਡੀ ਤਾਕਤ ਦੇ ਕੇ ਨਿਵਾਜ਼ਿਆ ਹੈ। ਸਾਲ 1999 ਵਿਚ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮਰਹੂਮ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਵਿਵਾਦ ਛਿੜਿਆ ਸੀ ਤਾਂ ਉਦੋਂ ਸੁਰਜੀਤ ਸਿੰਘ ਰੱਖੜਾ ਨੂੰ ਲੋਕ ਸਭਾ ਚੋਣਾਂ ਵਿਚ ਟਿਕਟ ਦੇ ਕੇ ਨਿਵਾਜ਼ਿਆ ਗਿਆ ਸੀ। ਉਦੋਂ ਵੀ ਰੱਖੜਾ ਮਹਾਰਾਣੀ ਪ੍ਰਨੀਤ ਕੌਰ ਤੋਂ 1 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰ ਗਏ ਸਨ। ਇਸ ਮਗਰੋਂ ਜਦੋਂ 2007 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਦੋਂ ਹਾਰਨ ਦੇ ਬਾਵਜੂਦ ਰੱਖੜਾ ਨੂੰ ਜ਼ਿਲਾ ਯੋਜਨਾ ਬੋਰਡ ਦਾ ਚੇਅਰਮੈਨ ਲਾਇਆ ਗਿਆ। ਸਾਲ 2012 'ਚ ਜਦੋਂ ਰੱਖੜਾ ਜਿੱਤੇ ਤਾਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਕੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਫਿਰ ਜਲ ਸਪਲਾਈ ਤੇ ਸੈਨੀਟੇਸ਼ਨ ਦਾ ਅਹਿਮ ਵਿਭਾਗ ਦਿੱਤਾ ਗਿਆ। ਉਨ੍ਹਾਂ ਵੱਲੋਂ ਸਾਰੇ ਫੰਡ ਆਪਣੇ ਹਲਕੇ ਸਮਾਣਾ 'ਤੇ ਨਿਛਾਵਰ ਕੀਤੇ ਗਏ। ਉਨ੍ਹਾਂ ਨੇ ਆਪਣੇ ਕਰੀਬੀ ਸੁਰਜੀਤ ਸਿੰਘ ਅਬਲੋਵਾਲ ਤੇ ਰਣਧੀਰ ਸਿੰਘ ਰੱਖੜਾ ਨੂੰ ਪੰਜਾਬ ਪੱਧਰ ਦੀ ਚੇਅਰਮੈਨੀ ਦੁਆਈ ਜਦਕਿ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨੀ ਵੀ ਉਨ੍ਹਾਂ ਦੇ ਹਲਕੇ ਸਮਾਣਾ ਦੇ ਖਾਤੇ ਪਈ। ਇਸ ਤਰ੍ਹਾਂ ਰੱਖੜਾ ਨੇ ਵੱਡੀ ਤਾਕਤ ਦਾ ਆਨੰਦ ਮਾਣਿਆ ਪਰ ਸਾਲ 2017 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਸਮਾਣਾ ਤੋਂ ਹਾਰ ਦਾ ਮੂੰਹ ਵੇਖਣਾ ਪਿਆ। ਉਪਰੰਤ ਅਕਾਲੀ ਲੀਡਰਸ਼ਿਪ ਫਿਰ ਵੀ ਰੱਖੜਾ 'ਤੇ ਮਿਹਰਬਾਨ ਰਹੀ। ਉਨ੍ਹਾਂ ਨੂੰ ਸਤਾ ਤਬਦੀਲੀ ਤੋਂ ਬਾਅਦ ਅਕਾਲੀ ਦਲ ਦਾ ਦਿਹਾਤੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਨਿਯੁਕਤੀ ਮਗਰੋਂ ਰੱਖੜਾ ਨੂੰ ਸਰਕਾਰ ਨਾ ਹੋਣ ਦੇ ਬਾਵਜੂਦ ਤਾਕਤ ਮਿਲੀ। ਪਰ ਲੋਕ ਸਭਾ ਚੋਣਾਂ ਵਿਚ ਰੱਖੜਾ ਦੀ ਕਾਰਗੁਜ਼ਾਰੀ ਬਹੁਤ ਹੀ ਨਾਕਸ ਸਾਬਤ ਹੋਈ ਕਿਉਂਕਿ ਲੋਕ ਸਭਾ ਹਲਕੇ ਵਿਚ ਪੈਂਦੇ ਸਾਰੇ 8 ਵਿਧਾਨ ਸਭਾ ਹਲਕਿਆ ਜਿਨ੍ਹਾਂ ਵਿਚ ਸਮਾਣਾ ਵੀ ਸ਼ਾਮਲ ਹੈ, ਵਿਚ ਸੁਰਜੀਤ ਸਿੰਘ ਰੱਖੜਾ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ। ਉਹ ਬਤੌਰ ਜ਼ਿਲਾ ਪ੍ਰਧਾਨ ਇਕ ਵੀ ਹਲਕੇ ਤੋਂ ਆਪਣੀ ਲੀਡ ਨਹੀਂ ਬਣਾ ਸਕੇ ਜਦਕਿ ਦੂਜੇ ਪਾਸੇ ਹਲਕੇ ਵਿਚ ਪੈਂਦੇ ਮੋਹਾਲੀ ਜ਼ਿਲੇ ਦੇ ਹਲਕਾ ਡੇਰਾਬਸੀ ਵਿਚ ਸਥਾਨਕ ਵਿਧਾਇਕ ਤੇ ਮੋਹਾਲੀ ਦੇ ਜ਼ਿਲਾ ਪ੍ਰਧਾਨ ਐੱਨ. ਕੇ. ਸ਼ਰਮਾ ਨੇ ਰੱਖੜਾ ਨੂੰ ਆਪਣੇ ਹਲਕੇ ਤੋਂ 17 ਹਜ਼ਾਰ ਤੋਂ ਵੱਧ ਦੀ ਲੀਡ ਦੁਆ ਕੇ ਆਪਣੀ ਪੈਠ ਬਣਾਈ ਹੈ।

ਇਸ ਤਰ੍ਹਾਂ ਸਮਾਣਾ ਸਮੇਤ ਸਮੁੱਚੇ ਜ਼ਿਲੇ ਵਿਚ ਹੋਈ ਹਾਰ ਮਗਰੋਂ ਸੁਰਜੀਤ ਸਿੰਘ ਰੱਖੜਾ ਦੀ ਜ਼ਿਲਾ ਦਿਹਾਤੀ ਪ੍ਰਧਾਨਗੀ 'ਤੇ ਤਲਵਾਰ ਲਟਕ ਗਈ ਹੈ। ਅਕਾਲੀ ਦਲ ਵਿਚ ਇਹ ਚਰਚਾ ਹੈ ਕਿ ਜਦੋਂ ਦਿਹਾਤੀ ਪ੍ਰਧਾਨ ਆਪਣੇ ਹੀ ਹਲਕੇ ਸਮਾਣਾ ਵਿਚ ਹਾਰ ਗਿਆ ਤਾਂ ਸ਼ੁੱਭਾਵਕ ਹੈ ਕਿ ਉਸਦੀ ਜ਼ਿਲੇ ਵਿਚ ਕਾਰਗੁਜ਼ਾਰੀ ਨਾਂ ਪੱਖੀ ਸੀ। ਜ਼ਿਲੇ ਵਿਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜੋ ਜ਼ਿੰਮੇਵਾਰੀ ਰੱਖੜਾ ਨੂੰ ਸੌਂਪੀ ਗਈ ਸੀ, ਉਸ 'ਤੇ ਸਵਾਲੀਆ ਨਿਸ਼ਾਨ ਉਠ ਰਹੇ ਹਨ। ਇਸ ਤਰ੍ਹਾਂ ਆਉਂਦੇ ਦਿਨਾਂ ਵਿਚ ਪਟਿਆਲਾ ਦੀ ਅਕਾਲੀ ਰਾਜਨੀਤੀ ਵਿਚ ਨਵਾਂ ਧਮਾਕਾ ਵੇਖਣ ਨੂੰ ਮਿਲ ਸਕਦਾ ਹੈ।


author

Shyna

Content Editor

Related News