ਹੁਣ ਗੋਲਡ ਘਪਲੇ 'ਚ ਫਸੇ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ
Friday, Mar 06, 2020 - 10:20 AM (IST)
ਮੁੰਬਈ — ਬਾਲੀਵੁੱਡ ਦੀ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਦਾ ਨਾਂ ਹੁਣ ਇਕ ਨਵੇਂ ਘਪਲੇ ਵਿਚ ਸਾਹਮਣੇ ਆਇਆ ਹੈ। ਸਤਯੁੱਗ ਗੋਲਡ ਪ੍ਰਾਈਵੇਟ ਲਿਮਟਿਡ ਇਕ ਗੋਲਡ ਟ੍ਰੇਡਿੰਗ ਕੰਪਨੀ ਹੈ, ਜਿਸ ਦੇ ਇਹ ਦੋਵੇਂ ਪਹਿਲਾਂ ਡਾਇਰੈਕਟਰ ਸਨ। 2014 ਵਿਚ ਉਨ੍ਹਾਂ ਨੇ ਗੋਲਡ ਸਤਯੁੱਗ ਸਕੀਮ ਨੂੰ ਲਾਂਚ ਕੀਤਾ ਸੀ। ਇਕ NRI ਸਚਿਨ ਜੋਸ਼ੀ ਨੇ ਖਾਰ ਪੁਲਸ ਸਟੇਸ਼ਨ ਮੁੰਬਈ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਸਤਯੁੱਗ ਗੋਲਡ ਸਕੀਮ ਮਾਮਲੇ ਵਿਚ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਰਾਜ ਕੁੰਦਰਾ ਅਤੇ ਐੱਸ.ਜੀ.ਪੀ.ਐੱਲ. ਕੰਪਨੀ ਦੇ ਅਧਿਕਾਰੀਆਂ ਗਣਪਤੀ ਚੌਧਰੀ, ਮੁਹੰਮਦ ਸਾਬੀ ਅਤੇ ਹੋਰਨਾਂ ਵਿਰੁੱਧ ਧੋਖਾਦੇਹੀ ਅਤੇ ਕਈ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰਵਾਇਆ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ 'ਤੇ ਜਾਂਚ ਜਾਰੀ ਹੈ। ਸ਼ਿਕਾਇਤ ਮੁਤਾਬਕ ਉਸ ਨੇ ਮਾਰਚ 2014 ਵਿਚ 18 ਲੱਖ 58 ਹਜ਼ਾਰ ਰੁਪਏ ਅਤੇ ਇਕ ਕਿਲੋ ਸੋਨੇ ਦਾ ਨਿਵੇਸ਼ ਕੀਤਾ ਸੀ। ਇਸ ਦੌਰਾਨ ਜਦੋਂ ਕੁੰਦਰਾ ਨੇ ਸਕੀਮ ਲਾਂਚ ਕੀਤੀ ਤਾਂ 4 ਸਾਲ ਵਿਚ 37 ਫੀਸਦੀ ਲਾਭ ਦੇਣ ਦਾ ਭਰੋਸਾ ਦਿੱਤਾ ਸੀ। ਮੌਜੂਦਾ ਕੀਮਤ ਮੁਤਾਬਕ ਨਿਵੇਸ਼ ਦੀ ਕੀਮਤ 44 ਲੱਖ ਰੁਪਏ ਦੇ ਲਗਭਗ ਹੈ। ਸੋਨੇ ਦੀ ਕੀਮਤ 4 ਲੱਖ 40 ਹਜ਼ਾਰ ਰੁਪਏ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਜਦੋਂ ਨਿਵੇਸ਼ ਦੀ ਮਿਆਦ ਪੂਰੀ ਹੋਣ 'ਤੇ ਮੈਂ ਬਾਂਦਰਾ ਦੇ ਕੁਰਲਾ ਕੰਪਲੈਕਸ ਸਥਿਤ ਦਫਤਰ ਵਿਖੇ ਪਹੁੰਚਿਆ ਤਾਂ ਪਤਾ ਲੱਗਾ ਕਿ ਇਹ ਦਫਤਰ ਤਾਂ ਬਹੁਤ ਸਮਾਂ ਪਹਿਲਾਂ ਹੀ ਬੰਦ ਹੋ ਚੁੱਕਾ ਹੈ। ਉਥੇ ਕੰਪਨੀ ਦਾ ਕੋਈ ਵੀ ਮੁਲਾਜ਼ਮ ਜਾਂ ਨੁਮਾਇੰਦਾ ਮੌਜੂਦ ਨਹੀਂ ਸੀ।
ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਤੇਲ, ਦੂਰਸੰਚਾਰ ਕੰਪਨੀਆਂ ਨੇ ਕੀਤਾ 3524 ਕਰੋਡ਼ ਰੁਪਏ ਦੇ TDS ਦਾ ਘਪਲਾ