ਪੰਜਾਬ ਦਾ ਹਜ਼ਾਰਾਂ ਕੁਇੰਟਲ ਚੌਲ FCI ਵੱਲੋਂ ਰਿਜੈਕਟ ਕਰਨ ’ਤੇ ਭੜਕੇ ਸ਼ੈਲਰ ਮਾਲਕ

02/01/2023 10:56:51 PM

ਪਟਿਆਲਾ (ਰਾਜੇਸ਼ ਪੰਜੌਲਾ)-ਪੰਜਾਬ ਦੀ ਕਿਸਾਨੀ ਦਾ ਧੁਰਾ ਮੰਨੀ ਜਾਣ ਵਾਲੀ ਪੰਜਾਬ ਦੀ ਸ਼ੈਲਰ ਇੰਡਸਟਰੀ ਨੂੰ ਐੱਫ. ਸੀ. ਆਈ. ਵਲੋਂ ਬਿਨਾਂ ਵਜ੍ਹਾ ਪਰੇਸ਼ਾਨ ਕਰਨ ਅਤੇ ਪੰਜਾਬ ਦਾ ਹਜ਼ਾਰਾਂ ਕੁਇੰਟਲ ਚੌਲ ਰਿਜੈਕਟ ਕਰਨ ’ਤੇ ਪੰਜਾਬ ਦੇ ਸ਼ੈਲਰ ਮਾਲਕ ਭੜਕ ਉੱਠੇ ਹਨ। ਇਸ ਸਬੰਧੀ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਤੇ ਸੀਨੀਅਰ ਵਾਈਸ ਪ੍ਰਧਾਨ ਸਤ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ 200 ਤੋਂ ਵੱਧ ਸ਼ੈਲਰ ਮਾਲਕ ਚੰਡੀਗੜ੍ਹ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਕੋਲ ਪਹੁੰਚੇ ਅਤੇ ਇਸ ਮਾਮਲੇ ’ਤੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਅਸ਼ਵਨੀ ਗਰਗ, ਰਵਿੰਦਰ ਰਿੰਦੂ ਮੂਨਕ, ਚੇਅਰਮੈਨ ਨਿੰਦੀ ਸ਼ਰਮਾ ਦੇਵੀਗੜ੍ਹ, ਹੈਪੀ ਮੰਡੌੜ, ਵਿਸ਼ਾਲ ਹੁਸ਼ਿਆਰਪੁਰ, ਰਾਕੇਸ਼ ਰਿਸ਼ੀ ਅਹਿਮਦਗੜ੍ਹ, ਸ਼ੇਰੂ ਅਹਿਮਦਗੜ੍ਹ, ਰਿਤੇਸ਼ ਬਾਂਸਲ, ਪਿੰਟੂ ਗਿੱਲ, ਰੋਹਿਤ ਗੋਇਲ, ਪਵਨ ਸਨੇਜਾ ਅਤੇ ਵਰਿੰਦਰਪਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਸ਼ੈਲਰ ਮਾਲਕ ਅਤੇ ਐਸੋਸੀਏਸ਼ਨ ਦੇ ਸੀਨੀਅਰ ਅਹੁਦੇਦਾਰ ਹਾਜ਼ਰ ਸਨ। ਗਿਆਨ ਚੰਦ ਭਾਰਦਵਾਜ ਅਤੇ ਸਤ ਪ੍ਰਕਾਸ਼ ਗੋਇਲ ਨੇ ਡਾਇਰੈਕਟਰ ਘਨਸ਼ਿਆਮ ਥੋਰੀ ਨੂੰ ਦੱਸਿਆ ਕਿ ਐੱਫ. ਸੀ. ਆਈ. ਨੇ ਪੰਜਾਬ ਭਰ ਵਿਚ ਸ਼ੈਲਰਾਂ ਦੇ 245 ਸਟੈਗ ਰਿਜੈਕਟ ਕਰ ਦਿੱਤੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

ਇਸ ਤਰ੍ਹਾਂ ਪੰਜਾਬ ਦਾ ਹਜ਼ਾਰਾਂ ਕੁਇੰਟਲ ਚੌਲ ਰਿਜੈਕਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਉਨ੍ਹਾਂ ਏਜੰਸੀਆਂ ਤੋਂ ਹੀ ਐੱਫ. ਆਰ. ਕੇ. ਖਰੀਦ ਕੇ ਕੇਂਦਰ ਦੀ ਪਾਲਿਸੀ ਦੇ ਤਹਿਤ ਚੌਲਾਂ ’ਚ ਮਿਲਾ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਆਥੋਰਾਈਜ਼ ਕੀਤਾ ਹੋਇਆ ਹੈ। ਇਹ ਐੱਫ. ਆਰ. ਕੇ. ਮਿਲਾ ਕੇ ਹੀ ਐੱਫ. ਸੀ. ਆਈ. ਨੂੰ ਲੈਬਾਰਟਰੀ ’ਚੋਂ ਟੈਸਟ ਕਰਵਾ ਕੇ ਅਤੇ ਐੱਫ. ਸੀ. ਆਈ. ਤੋਂ ਮਨਜ਼ੂਰ ਕਰਵਾ ਕੇ ਹੀ ਚੌਲ ਦਿੱਤੇ ਗਏ ਸਨ। ਹੁਣ ਬਾਅਦ ਵਿਚ ਉਹੀ ਐੱਫ. ਸੀ. ਆਈ. ਇਨ੍ਹਾਂ ਚੌਲਾਂ ਨੂੰ ਰਿਜੈਕਟ ਕਰ ਰਹੀ ਹੈ, ਜਦਕਿ ਪਹਿਲਾਂ ਐੱਫ. ਸੀ. ਆਈ. ਨੇ ਪਾਸ ਕਰਕੇ ਹੀ ਇਹ ਚੌਲ ਆਪਣੇ ਸਟੋਰਾਂ ’ਚ ਲਗਵਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਚੌਲਾਂ ’ਚ ਐੱਫ. ਆਰ. ਕੇ. ਮਿਲਾਉਣ ਲਈ ਆ ਰਹੀ ਐੱਫ. ਆਰ. ਕੇ. ਦੀ ਘਾਟ ਬਾਰੇ ਦੱਸਿਆ। ਜਿਨ੍ਹਾਂ ਏਜੰਸੀਆਂ ਨੇ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਐੱਫ. ਆਰ. ਕੇ. ਮੁਹੱਈਆ ਕਰਵਾਉਣ ਲਈ ਟੈਂਡਰ ਲਿਆ ਹੈ, ਉਹ ਪੰਜਾਬ ਦੀ ਬਜਾਏ ਯੂ. ਪੀ., ਹਰਿਆਣਾ, ਉੱਤਰਾਖੰਡ ਅਤੇ ਹੋਰ ਸੂਬਿਆਂ ’ਚ ਐੱਫ. ਆਰ. ਕੇ. ਭੇਜ ਰਹੇ ਹਨ, ਜਦਕਿ ਪੰਜਾਬ ਦੇ ਸ਼ੈਲਰਾਂ ਨੂੰ ਐੱਫ. ਆਰ. ਕੇ. ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਸ਼ੈਲਰਾਂ ਦੇ ਚੌਲ ਰਿਜੈਕਟ ਕੀਤੇ ਹਨ, ਐੱਫ. ਸੀ. ਆਈ. ਵੱਲੋਂ ਉਨ੍ਹਾਂ ਤੋਂ ਚੌਲ ਲੈਣੇ ਬੰਦ ਕਰ ਦਿੱਤੇ ਗਏ ਹਨ, ਜੋ ਇੰਡਸਟਰੀ ਨਾਲ ਧੱਕਾ ਹੈ।

ਡਾਇਰੈਕਟਰ ਘਨਸ਼ਿਆਮ ਥੋਰੀ ਨੇ ਮੌਕੇ ’ਤੇ ਹੀ ਐੱਫ. ਸੀ. ਆਈ. ਦੇ ਅਧਿਕਾਰੀਆਂ ਨੂੰ ਫੋਨ ਕਰਕੇ ਕਿਹਾ ਕਿ ਉਹ ਰਿਜੈਕਟ ਕੀਤੇ ਗਏ ਚੌਲਾਂ ਦੀ ਮੁੜ ਸ਼ੈਲਰ ਮਾਲਕਾਂ ਦੀ ਹਾਜ਼ਰੀ ਵਿਚ ਸੈਂਪਲਿੰਗ ਕਰਨ ਅਤੇ ਜਾਂਚ ਕਰਵਾਉਣ ਅਤੇ ਹਰ ਸ਼ੈਲਰ ਮਾਲਕ ਤੋਂ ਚੌਲ ਲੈਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਮੌਕੇ ’ਤੇ ਹੀ ਪਨਗ੍ਰੇਨ ਦੀ ਏ. ਐੱਮ. ਡੀ. ਪਰਮਪਾਲ ਕੌਰ ਨੇ ਇਕ ਸਖ਼ਤ ਚਿੱਠੀ ਜਾਰੀ ਕਰਕੇ ਐੱਫ. ਆਰ. ਕੇ. ਦਾ ਟੈਂਡਰ ਲੈਣ ਵਾਲੀਆਂ ਏਜੰਸੀਆਂ ਨੂੰ ਕਿਹਾ ਕਿ ਉਹ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਐੱਫ. ਆਰ. ਕੇ. ਮੁਹੱਈਆ ਕਰਵਾਉਣਾ ਯਕੀਨੀ ਬਣਾਉਣ। ਜਿਨ੍ਹਾਂ ਏਜੰਸੀਆਂ ਨੇ ਪੰਜਾਬ ਸਰਕਾਰ ਤੋਂ ਟੈਂਡਰ ਲਿਆ ਹੈ, ਉਹ ਪਹਿਲਾਂ ਪੰਜਾਬ ਦੇ ਸ਼ੈਲਰਾਂ ਨੂੰ ਐੱਫ. ਆਰ. ਕੇ. ਮੁਹੱਈਆ ਕਰਵਾਉਣ ਅਤੇ ਉਸ ਤੋਂ ਬਾਅਦ ਦੂਜੀਆਂ ਸਟੇਟਾਂ ਵਿਚ ਭੇਜਣ। ਸਖ਼ਤ ਹੁਕਮ ਜਾਰੀ ਕੀਤੇ ਗਏ ਕਿ ਜੇਕਰ ਕਿਸੇ ਏਜੰਸੀ ਨੇ ਕੋਈ ਕੁਤਾਹੀ ਕੀਤੀ ਤਾਂ ਵਿਭਾਗ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਕੀਤੀ ਜਾਵੇਗੀ। ਸੀਨੀਅਰ ਵਾਈਸ ਚੇਅਰਮੈਨ ਸਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਸ਼ੈਲਰ ਇੰਡਸਟਰੀ ਪੰਜਾਬ ਸਰਕਾਰ ਦਾ ਹੀ ਕੰਮ ਕਰ ਰਹੀ ਹੈ ਅਤੇ ਨਿਯਮਾਂ ਅਨੁਸਾਰ ਸਰਕਾਰ ਨੂੰ ਸਮੇਂ-ਸਮੇਂ ’ਤੇ ਜੀਰੀ ਤੋਂ ਚੌਲ ਤਿਆਰ ਕਰਕੇ ਦੇ ਰਹੀ ਹੈ ਤਾਂ ਜੋ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਅਨਾਜ ਲੋਕਾਂ ਨੂੰ ਸਹੀ ਸਮੇਂ ’ਤੇ ਮਿਲਦਾ ਰਹੇ।


Manoj

Content Editor

Related News