ਘਰ ਦੇ ਬਾਹਰ ਲੜਕੇ ''ਤੇ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਸੀ ਹਮਲਾ, ਘਟਨਾ ਦੇ 6 ਦਿਨ ਬਾਅਦ ਵੀ ਨਹੀਂ ਹੋ ਰਹੀ ਸੁਣਵਾਈ
Tuesday, Sep 12, 2017 - 09:24 AM (IST)
ਚੰਡੀਗੜ੍ਹ (ਸੁਸ਼ੀਲ)-ਸੈਕਟਰ-56 ਸਥਿਤ ਆਦਰਸ਼ ਕਾਲੋਨੀ 'ਚ ਅੱਧਾ ਦਰਜਨ ਲੜਕਿਆਂ ਨੇ ਅਜੇ 'ਤੇ ਚਾਕੂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਲੜਕੇ ਨੂੰ ਪੀ. ਜੀ. ਆਈ. 'ਚ ਦਾਖਿਲ ਕਰਵਾਇਆ ਗਿਆ। ਲੜਕੇ ਦੇ ਸਰੀਰ 'ਤੇ ਚਾਕੂ ਤੇ ਤਲਵਾਰ ਦੇ ਦਸ ਵਾਰ ਕੀਤੇ ਗਏ ਹਨ। ਹੈਰਾਨੀ ਇਹ ਹੈ ਕਿ ਘਟਨਾ ਨੂੰ ਹੋਇਆਂ ਛੇ ਦਿਨ ਹੋਣ ਦੇ ਬਾਵਜੂਦ ਪੁਲਸ ਦੋਸ਼ੀਆਂ ਦੀ ਭਾਲ ਨਹੀਂ ਕਰ ਰਹੀ ਹੈ। ਬੇਟੇ ਦੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਸੁਨੀਤਾ ਪਲਸੌਰਾ ਚੌਕੀ ਦੇ ਚੱਕਰ ਲਾ ਕੇ ਥੱਕ ਚੁੱਕੀ ਹੈ।
ਸੈਕਟਰ-54 ਸਥਿਤ ਆਦਰਸ਼ ਕਾਲੋਨੀ ਨਿਵਾਸੀ ਸੁਨੀਤਾ ਨੇ ਦੱਸਿਆ ਕਿ 6 ਸਤੰਬਰ ਨੂੰ ਉਸਦਾ ਬੇਟਾ ਅਜੇ ਘਰ ਦੇ ਬਾਹਰ ਖੜ੍ਹਾ ਸੀ, ਐਨੇ 'ਚ ਉਪਿੰਦਰ, ਸੰਤੋਸ਼, ਰਾਜੇਸ਼ ਸਮੇਤ ਛੇ ਲੜਕੇ ਆਏ ਤੇ ਉਸਦੇ ਬੇਟੇ 'ਤੇ ਹਮਲਾ ਕਰ ਦਿੱਤਾ। ਚਾਕੂ ਤੇ ਤਲਵਾਰਾਂ ਨਾਲ ਉਸਨੂੰ ਲਹੂ-ਲੁਹਾਨ ਕਰ ਦਿੱਤਾ ਗਿਆ ਤੇ ਫਰਾਰ ਹੋ ਗਏ। ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਜ਼ਖਮੀ ਅਜੇ ਨੂੰ ਪੀ. ਜੀ. ਆਈ. 'ਚ ਦਾਖਿਲ ਕਰਵਾਇਆ। ਸੁਨੀਤਾ ਨੇ ਦੱਸਿਆ ਕਿ ਛੇ ਦਿਨਾਂ ਤੋਂ ਅਜੇ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਨੂੰ ਦਬਾਉਣ 'ਚ ਲੱਗੀ ਹੋਈ ਹੈ।
