ਸਰਕਾਰ ਦੇ 3 ਆਰਡੀਨੈਂਸਾਂ ਤੇ ਵਾਅਦਾ ਖਿਲਾਫੀ ਦੇ ਰੋਸ ਵੱਜੋਂ 15-20 ਸਤੰਬਰ ਤੱਕ ਦਿੱਤੇ ਜਾਣਗੇ ਤਿੱਖੇ ਰੋਸ ਧਰਨੇ

Saturday, Sep 05, 2020 - 06:11 PM (IST)

ਭਵਾਨੀਗੜ੍ਹ (ਕਾਂਸਲ) :- ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਮ 'ਤੇ ਪਾਸ ਕੀਤੇ 3 ਆਰਡੀਨੈਂਸਾਂ, ਬਿਜਲੀ ਸੋਧ ਐਕਟ 2020 ਦੇ ਰੋਸ ਵੱਜੋਂ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ ਦਿੱਤੇ ਜਾਣ ਵਾਲੇ ਰੋਸ ਧਰਨਿਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਦੌਰਾਨ ਯੂਨੀਅਨ ਵੱਲੋਂ 25 ਅਗਸਤ ਤੋਂ 29 ਅਗਸਤ ਤੱਕ ਲਗਾਤਾਰ ਪਿੰਡਾਂ ’ਚ ਦਿੱਤੇ ਰੋਸ ਧਰਨਿਆਂ ਦਾ ਲੇਖਾਜੋਖਾ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤ ਉਗਰਾਹਾ ਦੀਆਂ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਲੁਧਿਆਣਾ ਚਾਰ ਜ਼ਿਲ੍ਹਾਂ ਇਕਾਈਆਂ ਵੱਲੋਂ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਂਵੀਂ ਵਿਖੇ ਮੀਟਿੰਗ ਕੀਤੀ ਗਈ। 

ਇਸ ਮੌਕੇ ਆਪਣੇ ਸੰਬੋਧਨ ’ਚ ਯੂਨੀਅਨ ਦੇ ਆਗੂਆਂ ਮਨਜੀਤ ਸਿੰਘ ਨਿਆਲ, ਅਮੀਰਕ ਸਿੰਘ ਗੰਡੂਆ ਜ਼ਿਲਾ ਪ੍ਰਧਾਨ, ਸੁਦਾਗਰ ਸਿੰਘ ਘੁਡਾਣੀ ਕਲਾਂ, ਚਮਕੌਰ ਸਿੰਘ ਨੇਣੈਵਾਲ, ਜਗਤਾਰ ਸਿੰਘ ਕਾਲਾਝਾੜ ਜ਼ਿਲਾ ਪ੍ਰਚਾਰ ਸਕੱਤਰ, ਬਲੋਰ ਸਿੰਘ ਛੰਨਾਂ, ਮਨਜੀਤ ਸਿੰਘ ਘਰਾਚੋਂ ਸੀਨੀਅਰ ਮੀਤ ਪ੍ਰਧਾਨ ਬਲਾਕ ਭਵਾਨੀਗੜ੍ਹ, ਬਹਾਲ ਸਿੰਘ ਢੀਂਡਸਾ ਅਤੇ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਮ 'ਤੇ ਪਾਸ ਕੀਤੇ ਗਏ 3 ਆਰਡੀਨੈਂਸਾਂ ਅਤੇ ਬਿਜਲੀ ਸੋਧ ਐਕਟ 2020 ਨਾਲ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਦੀ ਤਬਾਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਆੜ ’ਚ ਕੇਂਦਰ ਸਰਕਾਰ ਦੇਸ਼ ਦੀ ਜਨਤਾ ਨਾਲ ਵੱਡੀ ਠੱਗੀ ਮਾਰ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਇਹ ਨੀਤੀ ਬਹੁਤ ਹੀ ਖਤਰਨਾਕ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਲਾਗੂ ਕਰਨ ਦਾ ਕੇਂਦਰ ਸਰਕਾਰ ਦਾ ਅਸਲ ਮਨੌਰਥ ਪੰਜਾਬ ਦੇ ਕਿਸਾਨਾਂ ਦੀ ਜਮੀਨਾਂ ਉਪਰ ਵੱਡੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਉਣਾ ਹੈ। ਜਿਸ ਦੀ ਇਹ ਘਰਾਣੇ ਕਾਫੀ ਦੇਰ ਤੋਂ ਤਾਕ ’ਚ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵੱਜੋਂ ਬੀ.ਕੇ.ਯੂ. ਏਕਤਾ ਵੱਲੋਂ 7 ਸਤੰਬਰ ਨੂੰ ਪੂਰੇ ਪੰਜਾਬ ’ਚ ਜਿਥੇ ਸਾਰੇ ਜ਼ਿਲਾ ਹੈਡਕੁਆਟਰਾਂ ਉਪਰ ਰੋਸ ਧਰਨੇ ਦਿੱਤੇ ਜਾਣਗੇ ਉਥੇ 15 ਸਤੰਬਰ ਤੋਂ 20 ਸਤੰਬਰ ਤੱਕ ਪਟਿਆਲਾ ਅਤੇ ਪਿੰਡ ਬਾਦਲ ਵਿਖੇ ਪੱਕੇ ਮੋਰਚੇ ਲਗਾ ਕੇ ਰੋਸ ਧਰਨੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ 3 ਆਰਡੀਨੈਂਸਾ ਅਤੇ ਬਿਜਲੀ ਸੋਧ ਐਕਟ 2020 ਨੂੰ ਰੱਦ ਕਰਵਾਉਣ ਲਈ ਇਕ ਪੱਕਾ ਮੋਰਚਾ ਪਿੰਡ ਬਾਦਲ ਵਿਖੇ ਲਗਾ ਕੇ ਰੋਸ ਧਰਨਾ ਦਿੱਤਾ ਜਾਵੇਗਾ ਕਿਉਂਕਿ ਕੇਂਦਰ ’ਚ ਭਾਈਵਾਲ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਪਤਨੀ ਬੀਬੀ ਹਰਸਿਮਰਤ ਕੌਰ ਦੀ ਕੇਂਦਰ ਦੀ ਵਜਾਰਤ ’ਚ ਕੁਰਸੀ ਬਚਾਉਣ ਲਈ ਇਨ੍ਹਾਂ ਆਰਡੀਨੈਂਸਾਂ ਦਾ ਸਮਰਥਨ ਕਰਕੇ ਪੰਜਾਬ ਦੇ ਕਿਸਾਨਾਂ ਦੀ ਪਿੱਠ ’ਚ ਛੂਰਾ ਮਾਰਿਆਂ ਹੈ ਅਤੇ ਦੂਜਾ ਪੱਕਾ ਮੋਰਚਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਅੱਗੇ ਲਗਾ ਕੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਾਰਲੀ ਲਈ ਕਿਸਾਨਾਂ ਨੂੰ 2500 ਰੁਪੈ ਪ੍ਰਤੀ ਏਕੜ ਦੇਣ ਦਾ ਜੋ ਵਾਅਦਾ ਕੀਤਾ ਸੀ ਪਰ ਇਕ ਦੁਵਾਨੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਅਤੇ ਖੇਤਾਂ ’ਚ ਕਣਕ ਦੀ ਫਸਲ ਦੀ  ਪਰਾਲੀ ’ਚ ਕਰਵਾਈ ਸਿੱਧੀ ਬਿਜਾਈ ਕਾਰਨ ਖੇਤਾਂ ’ਚ ਫ਼ਸਲ ਨੂੰ ਕੀੜਾ ਲੱਗ ਜਾਣ ਕਾਰਨ ਹਰ ਕਿਸਾਨ ਦਾ 9 ਤੋਂ 10 ਹਜਾਰ ਰੁਪੈ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ ਅਤੇ ਫ਼ਸਲ ਦਾ ਝਾੜ ਵੀ ਘੱਟ ਨਿਕਲਿਆਂ ਹੈ, ਸਰਕਾਰ ਨੇ ਕਿਸਾਨਾਂ ਦੇ ਕਰਜੇ ਮਾਫ ਕਰਨ ਅਤੇ ਘਰ-ਘਰ ਨੌਜਵਾਨਾਂ ਨੂੰ ਨੌਕਰੀ ਦੇਣ ਸਮੇਤ ਜੋ ਹੋਰ ਵਾਅਦੇ ਕੀਤੇ ਸਨ ਸੂਬਾ ਸਰਕਾਰ ਉਨ੍ਹਾਂ ਸਾਰਿਆਂ ਤੋਂ ਮੁਕਰ ਗਈ ਹੈ। ਇਸ ਲਈ ਪੰਜਾਬ ਸਰਕਾਰ ਦੀ ਇਸ ਵਾਅਦਾ ਖਿਲਾਫੀ ਵਿਰੁੱਧ ਇਹ ਪੱਕਾ ਮੋਰਚਾ ਲਗਾਇਆ ਜਾਵੇਗਾ।


Harinder Kaur

Content Editor

Related News