ਪਹਿਲਾਂ ਵੀ ਸ਼ਰਤ ਹਾਰਨ ''ਤੇ ਬੁੱਕੀਜ਼ ਨੂੰ ਅਗਵਾ ਕਰ ਚੁੱਕਾ ਹੈ ਸ਼ਹਿਨਸ਼ਾਹ

12/09/2017 3:33:19 PM

ਲੁਧਿਆਣਾ (ਪੰਕਜ)-ਸੱਟੇਬਾਜ਼ੀ 'ਚ ਹਾਰੀ ਰਕਮ ਨੂੰ ਵਾਪਸ ਵਸੂਲਣ ਲਈ ਰਾਜ ਸ਼ਹਿਨਸ਼ਾਹ ਬੁੱਕੀਜ਼ ਨੂੰ ਅਗਵਾ ਕਰਨ ਦੀਆਂ ਵਾਰਦਾਤਾਂ ਨੂੰ ਪਹਿਲਾਂ ਵੀ ਅੰਜਾਮ ਦੇ ਚੁੱਕਿਆ ਹੈ। ਹਾਲਾਂਕਿ ਜ਼ਿਆਦਾਤਰ ਮਾਮਲੇ ਕਾਨੂੰਨ ਦੀ ਨਜ਼ਰ 'ਚ ਆਉਣ ਤੋਂ ਪਹਿਲਾਂ ਸੁਲਝਾ ਲਏ ਗਏ ਪਰ ਸ਼ਿਮਲਾਪੁਰੀ 'ਚ ਦੋਸ਼ੀ 'ਤੇ ਇਕ ਨਾਮੀ ਬੁੱਕੀਜ਼ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਹੋਇਆ ਸੀ। ਅਬਦੁੱਲਾਪੁਰ ਬਸਤੀ ਨਿਵਾਸੀ ਰਾਕੇਸ਼ ਕੁਮਾਰ ਰਿੰਕੀ ਨੂੰ ਅਗਵਾ ਕਰ ਕੇ ਕਰੋੜਾਂ ਰੁਪਏ ਦੀ ਸ਼ਰਤ ਲਿਖਵਾਉਣ ਦੇ ਦੋਸ਼ 'ਚ ਗ੍ਰਿਫਤਾਰ ਰਾਜੂ ਸ਼ਹਿਨਸ਼ਾਹ ਅਤੇ ਉਸ ਦੇ ਸਾਥੀਆਂ ਨੇ ਪੁੱਛਗਿੱਛ 'ਚ ਜੋ ਗੱਲਾਂ ਪੁਲਸ ਦੇ ਸਾਹਮਣੇ ਬਿਆਨ ਕੀਤੀਆਂ, ਉਹ ਹੈਰਾਨ ਕਰ ਦੇਣ ਵਾਲੀਆਂ ਹਨ। ਕ੍ਰਿਕਟ ਮੈਚਾਂ 'ਤੇ ਲੱਖਾਂ ਰੁਪਏ ਦਾ ਸੱਟਾ ਲਾ ਕੇ ਕੰਗਾਲ ਹੋ ਚੁੱਕੇ ਰਾਜੂ ਸ਼ਹਿਨਸ਼ਾਹ ਨੇ ਪੁਲਸ ਨੂੰ ਬੁੱਕੀਜ਼ ਦੀ ਜ਼ਿੰਦਗੀ ਦੇ ਉਸ ਪਹਿਲੂ ਤੋਂ ਜਾਣੂ ਕਰਵਾਇਆ, ਜਿੱਥੇ ਪੈਸਿਆਂ ਦੀ ਕੋਈ ਕੀਮਤ ਨਹੀਂ ਹੁੰਦੀ। ਦੋਸ਼ੀ ਨੇ ਦੱਸਿਆ ਕਿ ਸੱਟੇ ਦੇ ਸ਼ੌਕੀਨਾਂ ਨੂੰ ਉਹ ਗੋਆ ਲੈ ਕੇ ਜਾਂਦਾ ਸੀ, ਜਿੱਥੇ ਉਹ 3 ਲੱਖ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਬਕਾਇਦਾ ਕਰੂਜ਼ (ਪਾਣੀ ਵਾਲਾ ਜਹਾਜ਼) ਕਿਰਾਏ 'ਤੇ ਲੈਂਦੇ ਸਨ। ਸਮੁੰਦਰ 'ਚ ਘੁੰਮਦੇ-ਘੁੰਮਦੇ ਸੱਟੇ ਦੇ ਸ਼ੌਕੀਨ ਕਰੋੜਾਂ ਰੁਪਏ ਦੀ ਹਾਰ-ਜਿੱਤ ਕਰਦੇ ਸਨ, ਜਿਸ ਕਰੂਜ਼ ਨੂੰ ਉਹ ਕਿਰਾਏ 'ਤੇ ਲੈਂਦੇ ਸਨ, ਉਹ ਆਲੀਸ਼ਾਨ ਹੁੰਦਾ ਸੀ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਸਨ। ਸ਼ਰਾਬ ਅਤੇ ਸ਼ਬਾਬ ਦੇ ਤੜਕੇ ਨਾਲ ਭਰਪੂਰ ਇਸ ਕਰੂਜ਼ 'ਚ ਜੂਆ ਖੇਡਣ ਲਈ ਸੱਟੇਬਾਜ਼ੀ ਦੇ ਸ਼ੌਕੀਨ ਹਰ ਸਮੇਂ ਤਿਆਰ ਰਹਿੰਦੇ ਸਨ।  ਇੰਨਾ ਹੀ ਨਹੀਂ ਪਿਛਲੇ ਕੁੱਝ ਸਾਲਾਂ 'ਚ ਆਪਣਾ ਸਭ ਕੁੱਝ ਸੱਟੇਬਾਜ਼ੀ 'ਚ ਹਾਰ ਚੁੱਕੇ ਸ਼ਹਿਨਸ਼ਾਹ ਵੱਲੋਂ ਆਪਣਾ ਵੱਖਰਾ ਸਾਮਰਾਜ ਖੜ੍ਹਾ ਕੀਤਾ ਹੋਇਆ ਹੈ। ਇਕ ਮੈਚ 'ਚ ਲੱਖਾਂ ਦੀ ਹਾਰ-ਜਿੱਤ ਕਰਨ ਦੌਰਾਨ ਉਸ ਦੇ ਨਾਲ ਵਾਲੇ ਪਿਆਦੇ ਲੱਖਾਂ ਰੁਪਏ ਇਨਾਮ ਦੇ ਰੂਪ ਵਿਚ ਝਟਕ ਲੈਂਦੇ ਸਨ।

ਇਨਕਮ ਟੈਕਸ ਵਿਭਾਗ ਨਾਲ ਵੀ ਸੰਪਰਕ 
ਬੰਦ ਕਮਰਿਆਂ 'ਚ ਲਗਭਗ ਹਰ ਮੈਚ 'ਤੇ ਲੱਗਣ ਵਾਲੇ ਕਰੋੜਾਂ ਰੁਪਏ ਦੇ ਸੱਟੇ ਸਬੰਧੀ ਰਕਮ ਕਿਸ ਤਰ੍ਹਾਂ ਅਤੇ ਕਿਸ ਦੇ ਕੋਲ ਪਹੁੰਚਦੀ ਹੈ, ਇਸ ਨੂੰ ਲੈ ਕੇ ਪੁਲਸ ਨੇ ਇਨਕਮ ਟੈਕਸ ਵਿਭਾਗ ਨਾਲ ਵੀ ਸੰਪਰਕ ਕਰਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਸਟੋਰੀਆਂ 'ਤੇ ਲਗਾਮ ਕੱਸੀ ਜਾਵੇ। 

ਉਗਲੇ ਦਰਜਨਾਂ ਨਾਂ  
ਪੁਲਸ ਪੁੱਛਗਿੱਛ 'ਚ ਦੋਸ਼ੀ ਨੇ ਸ਼ਹਿਰ ਦੇ ਨਾਮੀ ਲੋਕਾਂ ਤੋਂ ਇਲਾਵਾ ਦਰਜਨਾਂ ਨਾਂ ਉਗਲਦੇ ਹੋਏ ਇਹ ਵੀ ਸਪੱਸ਼ਟ ਕੀਤਾ ਕਿ ਕੌਣ ਆਰਥਿਕ ਰੂਪ ਵਿਚ ਖਤਮ ਹੋ ਚੁੱਕਿਆ ਹੈ ਅਤੇ ਕਰੋੜਾਂ ਜਿੱਤ ਕੇ ਬੈਠਾ ਹੈ। ਜੂਆ ਖੇਡਣ ਵਾਲਿਆਂ ਨੂੰ ਪ੍ਰਤੀਦਿਨ ਦੇ ਹਿਸਾਬ ਨਾਲ ਵਿਆਜ 'ਤੇ ਰਕਮ ਦੇਣ ਵਾਲੇ ਕਈ ਫਾਈਨਾਂਸਰਾਂ ਦੇ ਨਾਂ ਵੀ ਲਿਸਟ 'ਚ ਦੱਸੇ ਜਾਂਦੇ ਹਨ। ਇਨ੍ਹਾਂ ਨਾਵਾਂ 'ਚ ਉਹ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਨੇ ਫਿਰੋਜ਼ਪੁਰ ਰੋਡ ਸਥਿਤ ਪੰਜ ਤਾਰਾ ਹੋਟਲ 'ਚੋਂ ਗ੍ਰਿਫਤਾਰ ਕੀਤਾ ਸੀ।

ਗੈਂਗਸਟਰਾਂ ਦੇ ਸਬੰਧ 'ਤੇ ਗੰਭੀਰ ਪੁਲਸ 
ਅਗਵਾ ਮਾਮਲੇ ਵਿਚ ਗ੍ਰਿਫਤਾਰ ਰਾਜੂ ਸ਼ਹਿਨਸ਼ਾਹ ਵੱਲੋਂ ਪੁੱਛਗਿੱਛ 'ਚ ਜੇਲ 'ਚ ਬੰਦ ਗੈਂਗਸਟਰ ਗੇਰੂ ਬੱਚਾ ਸਬੰਧੀ ਦਿੱਤੀ ਗਈ ਜਾਣਕਾਰੀ ਉਪਰੰਤ ਪੁਲਸ ਪੂਰੀ ਗੰਭੀਰਤਾ ਨਾਲ ਬੁੱਕੀਜ਼ ਅਤੇ ਗੈਂਗਸਟਰਾਂ ਦੇ ਸਬੰਧਾਂ ਦੀ ਜਾਂਚ-ਪੜਤਾਲ ਕਰਨ 'ਚ ਜੁਟ ਗਈ ਹੈ।


Related News