ਚੋਣਾਂ ਤੋਂ ਪਹਿਲਾਂ ਬਰਤਾਨੀਆ ਵੀ ''ਦਲ-ਬਦਲੀ'' ਦੀ ਲਪੇਟ ’ਚ

Friday, May 10, 2024 - 02:41 AM (IST)

ਸਿਆਸੀ ਪਾਰਟੀਆਂ ’ਚ ਦਲ-ਬਦਲੀ ਦਾ ਰੋਗ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਸਗੋਂ ਇੰਗਲੈਂਡ ਵਰਗੇ ਦੇਸ਼ ’ਚ ਵੀ ਜਾਰੀ ਹੈ। ਬਰਤਾਨੀਆ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਆਮ ਚੋਣਾਂ ਹੋ ਰਹੀਆਂ ਹਨ ਪਰ ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਸਿਆਸੀ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ।

ਬਰਤਾਨੀਆ ’ਚ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਨਾਲ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਚਿੰਤਾ ਵਧ ਗਈ ਹੈ ਅਤੇ ਪਿਛਲੇ 15 ਦਿਨਾਂ ਅੰਦਰ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ 2 ਸੰਸਦ ਮੈਂਬਰ ਪਾਰਟੀ ਛੱਡ ਕੇ ਲੇਬਰ ਪਾਰਟੀ ’ਚ ਸ਼ਾਮਲ ਹੋ ਗਏ ਹਨ।

8 ਮਈ ਨੂੰ ਡੋਵਰ ਤੋਂ ‘ਕੰਜ਼ਰਵੇਟਿਵ ਸੰਸਦ ਮੈਂਬਰ’ ‘ਨਤਾਲੀ ਐਲਫਿਸਕੇ’ ਖੇਮਾ ਬਦਲ ਕੇ ਲੇਬਰ ਪਾਰਟੀ ’ਚ ਸ਼ਾਮਲ ਹੋ ਗਈ। ਇਸ ਤੋਂ ਪਹਿਲਾਂ ਅਪ੍ਰੈਲ ਦੇ ਅੰਤ ’ਚ ਕੰਜ਼ਰਵੇਟਿਵ ਸੰਸਦ ਮੈਂਬਰ ‘ਡੈਨ ਪੋਲਟਰ’ ਪਾਰਟੀ ਨਾਲੋਂ ਨਾਤਾ ਤੋੜ ਕੇ ਲੇਬਰ ਪਾਰਟੀ ’ਚ ਸ਼ਾਮਲ ਹੋ ਚੁੱਕੇ ਸਨ।

ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ’ਚ ‘ਨਤਾਲੀ ਐਲਫਿਸਕੇ’ ਦੀ ਡੋਵਰ ਸੀਟ ਵੀ ਖਤਰੇ ’ਚ ਦੱਸੀ ਗਈ ਅਤੇ ਇੱਥੇ ਸੱਤਾਧਾਰੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ, ਇਨ੍ਹਾਂ ਕਾਰਨਾਂ ਕਾਰਨ ਉਨ੍ਹਾਂ ਨੇ ਦਲ-ਬਦਲੀ ਕੀਤੀ ਹੈ।

ਕੁਝ ਦਿਨ ਪਹਿਲਾਂ ਤੱਕ ਲੇਬਰ ਪਾਰਟੀ ਦੀ ਕੱਟੜ ਆਲੋਚਕ ਰਹੀ ‘ਨਤਾਲੀ ਐਲਫਿਸਕੇ’ ਨੇ ਪਾਰਟੀ ਛੱਡਣ ਸਮੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ’ਤੇ ਵਾਅਦੇ ਤੋੜਨ ਅਤੇ ਮੁੱਖ ਵਾਅਦੇ ਭੁੱਲਣ ਦਾ ਦੋਸ਼ ਲਾਉਂਦੇ ਹੋਏ ਆਪਣੇ ਅਸਤੀਫੇ ’ਚ ਕਿਹਾ :

‘‘ਜਦ ਮੈਂ 2019 ’ਚ ਚੁਣੀ ਗਈ, ਕੰਜ਼ਰਵੇਟਿਵ ਪਾਰਟੀ ਬਰਤਾਨੀਆ ਦੀ ਸਿਆਸਤ ਦੇ ਕੇਂਦਰ ’ਚ ਸੀ। ਪਾਰਟੀ ਸਾਡੇ ਦੇਸ਼ ਨੂੰ ਅੱਗੇ ਲੈ ਜਾਣ ਲਈ ਭਵਿੱਖ ਦਾ ਨਿਰਮਾਣ ਕਰ ਰਹੀ ਸੀ ਅਤੇ ਮੌਕੇ ਪੈਦਾ ਕਰ ਰਹੀ ਸੀ ਪਰ ਹੁਣ ਕਈ ਚੀਜ਼ਾਂ ਬਦਲ ਗਈਆਂ ਹਨ ਅਤੇ 2019 ਦੇ ਚੋਣ ਮਨੋਰਥ ਪੱਤਰ ਦੇ ਵਾਅਦੇ ਨੂੰ ਭੁਲਾ ਦਿੱਤਾ ਗਿਆ ਹੈ।’’

ਇਨ੍ਹਾਂ ਦੋਵਾਂ ਹੀ ਸੰਸਦ ਮੈਂਬਰਾਂ ਨੇ ਪਾਰਟੀ ਅਤੇ ਸੁਨਕ ਦਾ ਸਾਥ ਅਜਿਹੇ ਸਮੇਂ ’ਚ ਛੱਡਿਆ ਹੈ, ਜਦ ਬਰਤਾਨੀਆ ’ਚ ਹਾਲ ਹੀ ’ਚ ਹੋਈਆਂ ਜ਼ਿਮਨੀ ਚੋਣਾਂ ਅਤੇ ਸਥਾਨਕ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਵੱਡੀ ਹਾਰ ਹੋਈ ਹੈ।

ਬਰਤਾਨੀਆ ਦੀ ਸਿਆਸਤ ’ਚ ਆਗੂਆਂ ਦੀ ਦਲ-ਬਦਲੀ ਨਵੀਂ ਗੱਲ ਨਹੀਂ ਹੈ ਅਤੇ ਉੱਥੇ 1698 ਤੋਂ ਹੀ ਆਗੂਆਂ ਦੇ ਦਲ-ਬਦਲਣ ਦਾ ਸਿਲਸਿਲਾ ਜਾਰੀ ਹੈ ਪਰ ਚੋਣਾਂ ਦੇ ਨੇੜੇ ਇਸ ਤਰ੍ਹਾਂ ਦੀ ਦਲ-ਬਦਲੀ ਨਿਸ਼ਚਿਤ ਤੌਰ ’ਤੇ ਚਰਚਾ ’ਚ ਆ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ ’ਚ ਬਰਤਾਨੀਆ ’ਚ ਹੋਰ ਸਿਆਸੀ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲ ਸਕਦੇ ਹਨ।

-ਵਿਜੇ ਕੁਮਾਰ


Harpreet SIngh

Content Editor

Related News