ਤਰਨਤਾਰਨ ਦੇ ਸ਼ਹੀਦ ਸੁਖਜਿੰਦਰ ਨੂੰ ਵਿਆਹ ਤੋਂ 8 ਸਾਲ ਬਾਅਦ ਮਿਲੀ ਸੀ ਪੁੱਤਰ ਦੀ ਦਾਤ

Thursday, Feb 13, 2020 - 05:44 PM (IST)

ਤਰਨਤਾਰਨ ਦੇ ਸ਼ਹੀਦ ਸੁਖਜਿੰਦਰ ਨੂੰ ਵਿਆਹ ਤੋਂ 8 ਸਾਲ ਬਾਅਦ ਮਿਲੀ ਸੀ ਪੁੱਤਰ ਦੀ ਦਾਤ

ਤਰਨਤਾਰਨ - ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀਆਂ ਨਾਲ ਲੋਹਾ ਲੈਣ ਜਾ ਰਹੀ ਸੀ.ਆਰ.ਪੀ.ਐੱਫ. ਦੀ ਬੱਸ ’ਤੇ 14 ਫਰਵਰੀ 2019 ਨੂੰ ਹਮਲਾ ਕਰ ਦਿੱਤਾ ਗਿਆ ਸੀ। ਜਿਸ ’ਚ ਦੇਸ਼ ਦੇ ਬਹੁਤ ਸਾਰੇ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ ’ਚੋਂ ਇਕ ਜਵਾਨ ਸੁਖਜਿੰਦਰ ਸਿੰਘ ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਵੀ ਸ਼ਹੀਦ ਹੋ ਗਿਆ।

ਜੀਵਨ ਦੇ ਬਾਰੇ
ਸ਼ਹੀਦ ਸੁਖਜਿੰਦਰ ਸਿੰਘ ਦਾ ਜਨਮ 21 ਮਈ 1984 ਨੂੰ ਪਿੰਡ ਗੰਡੀਵਿੰਡ ਦੇ ਇਕ ਗਰੀਬ ਕਿਸਾਨ ਗੁਰਮੇਜ ਸਿੰਘ ਦੇ ਘਰ ਮਾਤਾ ਹਰਭਜਨ ਕੌਰ ਦੀ ਕੁੱਖੋਂ ਹੋਇਆ। ਸ਼ਹੀਦ ਦੇ ਪਿਤਾ ਗੁਰਮੇਜ ਸਿੰਘ ਨੇ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦੇਣ ਦੇ ਮਕਸਦ ਨਾਲ ਪੜ੍ਹਾਇਆ। ਸ਼ਹੀਦ ਸੁਖਜਿੰਦਰ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪਾਸ ਕਰਦੇ ਹੋਏ 12ਵੀ ਦੀ ਜਮਾਤ ਆਰਟਸ ਵਿਸ਼ੇ ‘ਤੇ ਪੱਟੀ ਦੇ ਮੌਰਨਿੰਗ ਸਟਾਰ ਸਕੂਲ ਤੋਂ ਪਾਸ ਕੀਤੀ। ਸੁਖਜਿੰਦਰ ਸਿੰਘ ਦਾ ਪਰਿਵਾਰ 'ਚ ਬੜਾ ਮਿਲਾਪੜਾ ਅਤੇ ਹਮਦਰਦੀ ਭਰਿਆ ਸੁਭਾਅ ਸੀ। ਜੋ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਾ ਅਤੇ ਹਮੇਸ਼ਾ ਯਾਰਾਂ  ਦੀ ਮਦਦ ਲਈ ਵਧ ਚੜ੍ਹ ਕੇ ਅੱਗੇ ਆਉਂਦਾ। ਸ਼ਹੀਦ ਨੂੰ ਆਪਣੀ ਸਿਹਤ ਬਣਾਉਣ ਦਾ ਬੜਾ ਸ਼ੌਕ ਸੀ ਜੋ ਆਪਣੇ ਆਪ ਨੂੰ ਫਿੱਟ ਰੱਖਣ ਲਈ ਚੋਹਲਾ ਸਾਹਿਬ ਅਤੇ ਪਿੰਡ ਦੇ ਜਿਮ 'ਚ ਕਸਰਤ ਕਰਦਾ ਹੋਇਆ ਬਾਕੀਆਂ ਨੂੰ ਨਸੀਹਤ ਦਿੰਦਾ ਰਹਿੰਦਾ। 17 ਫਰਵਰੀ 2003 ‘ ਚ ਸੀ .ਆਰ .ਪੀ .ਐੱਫ .ਦੀ 76 ਬਟਾਲੀਅਨ ‘ ਚ ਬਤੌਰ ਕਾਂਸਟੇਬਲ ਭਰਤੀ ਹੋਇਆ , ਜਿਸ ਨੇ ਆਪਣੀ ਟ੍ਰੇਨਿੰਗ ਉੜੀਸਾ ਦੇ ਭੁਵਨੇਸ਼ਵਰ ਤੋਂ ਹਾਸਲ ਕੀਤੀ । ਇਸ ਤੋਂ ਬਾਅਦ ਸੁਖਜਿੰਦਰ ਨੇ ਜੰਮੂ, ਅਲੀਗੜ੍ਹ, ਸ੍ਰੀਨਗਰ, ਅਸਾਮ ਤੋਂ ਬਾਅਦ ਮੁੜ ਜੰਮੂ ਕੈਂਪ ‘ਚ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। 

PunjabKesari
ਵਿਆਹ ਤੋਂ 8 ਸਾਲ ਬਾਅਦ ਮਿਲੀ ਸੀ ਪੁੱਤਰ ਦੀ ਦਾਤ
ਸੁਖਜਿੰਦਰ ਸਿੰਘ ਦਾ ਵਿਆਹ ਜ਼ਿਲਾ ਤਰਨਤਾਰਨ ਦੇ ਪਿੰਡ ਸ਼ਕਰੀ ਦੀ ਸਰਬਜੀਤ ਕੌਰ ਨਾਲ 9 ਨਵੰਬਰ 2010 'ਚ ਹੋਇਆ। ਵਿਆਹ ਮਗਰੋਂ ਬਾਬਾ ਬੁੱਢਾ ਸਾਹਿਬ ਜੀ ਦੀ ਅਪਾਰ ਕ੍ਰਿਪਾ ਨਾਲ ਉਸ ਦੇ ਘਰ ’ਚ ਕਰੀਬ 8 ਸਾਲ ਬਾਅਦ 1 ਮੁੰਡੇ ਗੁਰਜੋਤ ਸਿੰਘ ਨੇ ਜਨਮ ਲਿਆ। ਸੁਖਜਿੰਦਰ ਸਿੰਘ ਨੂੰ ਪ੍ਰਮਾਤਮਾ ਨੇ ਬੱਚੇ ਦੀ ਦਾਤ ਦੇ ਨਾਲ ਹੀ ਹੈੱਡ ਕਾਂਸਟੇਬਲ ਦੀ ਤਰੱਕੀ ਦਿੰਦੇ ਹੋਏ ਇਕ ਹੋਰ ਖੁਸ਼ੀ ਦੇ ਦਿੱਤੀ। ਇਸ ਦੌਰਾਨ ਸੁਖਜਿੰਦਰ ਆਪਣੀ ਡਿਉੂਟੀ ਦੌਰਾਨ ਸਮਾਂ ਮਿਲਦੇ ਪਰਿਵਾਰ ਨਾਲ ਖੁਸ਼ੀਆਂ ਦੇ ਨਾਲ-ਨਾਲ ਹਰ ਗੱਲ ਪਤਨੀ ਅਤੇ ਯਾਰਾਂ ਨਾਲ ਸਾਂਝੀ ਕਰਦਾ ਰਹਿੰਦਾ। ਸੁਖਜਿੰਦਰ ਸਿੰਘ ਜਦੋਂ ਵੀ ਛੁੱਟੀ ਆਉਂਦਾ ਤਾਂ ਆਪਣੀ ਮਾਂ ਹਰਭਜਨ ਕੌਰ ਨੂੰ ਖੁਸ਼ੀ ਨਾਲ ਗੋਦੀ 'ਚ ਚੁੱਕ ਭੰਗੜਾ ਪਾਉਂਦਾ ਹੋਇਆ ਕਹਿੰਦਾ '' ਮਾਂ ਮੈਨੂੰ ਆਸ਼ੀਰਵਾਦ ਦੇ ਕੀ ਮੈਂ ਤੁਹਾਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ ਦਿੰਦਾ ਰਹਾਂ ਤੇ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦੇ ਦੰਦ ਖੱਟੇ ਕਰਦਾ ਰਹਾਂ''।

PunjabKesari

ਪਰਿਵਾਰ ਨਾਲ ਮਿਲਾਏ ਆਖਰੀ ਪੱਲ
ਦਸੰਬਰ ਮਹੀਨੇ ‘ਚ 40 ਦਿਨਾਂ ਦੀ ਛੁੱਟੀ ਆਏ ਸੁਖਜਿੰਦਰ ਨੇ ਆਪਣੇ ਬੇਟੇ ਗੁਰਜੋਤ ਦੀ ਪਹਿਲੀ ਲੋਹੜੀ ਮੌਕੇ ਪਰਿਵਾਰ ਨਾਲ ਮਿਲ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਖੂਬ ਭੰਗੜਾ ਪਾਇਆ। ਇਨ੍ਹਾਂ ਖੁਸ਼ੀਆਂ ਤੋਂ ਬਾਅਦ ਪ੍ਰਮਾਤਮਾ ਨੇ ਸ਼ਹੀਦ ਸੁਖਜਿੰਦਰ ਸਿੰਘ ਨੂੰ ਉਸ ਦੇ ਪਰਿਵਾਰ ਨਾਲੋਂ ਉਸ ਸਮੇਂ ਦੂਰ ਕਰ ਦਿੱਤਾ, ਜਦੋਂ 14 ਫਰਵਰੀ ਨੂੰ ਪੁਲਵਾਮਾ ਵਿਖੇ ਸੀ.ਆਰ.ਪੀ.ਐੱਫ. ਦੇ ਜਵਾਨਾਂ ’ਤੇ ਅੱਤਵਾਦੀ ਹਮਲਾ ਹੋਇਆ।  

PunjabKesari


author

rajwinder kaur

Content Editor

Related News