ਮੋਗਾ: ਸ਼ਹੀਦ ਜੈਮਲ ਦੀ ਪਤਨੀ ਨੇ ਸਰਕਾਰ ਤੋਂ ਮੰਗਿਆ ਜਵਾਬ
Saturday, Feb 16, 2019 - 03:44 PM (IST)
ਮੋਗਾ—ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ ਦੀ ਬੱਸ ਦੇ ਡਰਾਇਵਰ ਜੈਮਲ ਸਿੰਘ (45) ਦੀ ਪਤਨੀ ਸੁਰਜੀਤ ਕੌਰ ਨੇ ਕਿਹਾ ਕਿ ਉਸ ਨੂੰ ਕੇਂਦਰ ਸਰਕਾਰ ਤੋਂ ਨਾ ਆਰਥਿਕ ਸਹਾਇਤਾ ਚਾਹੀਦੀ, ਨਾ ਉਸ ਦੇ ਪਤੀ ਦੀ ਮੌਤ ਦਾ ਬਦਲਾ। ਕੇਂਦਰ ਸਰਕਾਰ ਉਸ ਨੂੰ ਉਸ ਦਾ ਪਤੀ ਅਤੇ ਹੋਰ ਪਰਿਵਾਰਾਂ ਨੂੰ ਉਨ੍ਹਾਂ ਦੇ ਜਵਾਨ ਵਾਪਸ ਦੇ ਦੇਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਸੁਰਜੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ, ਵਿਆਹ ਦੇ 16 ਸਾਲ ਬਾਅਦ ਪੁੱਤਰ ਨੇ ਜਨਮ ਲਿਆ ਸੀ। 6 ਸਾਲ ਦੇ ਇਕਲੌਤੇ ਪੁੱਤਰ ਨਾਲ ਉਹ ਦਿਨ 'ਚ 10-10 ਵਾਰ ਫੋਨ 'ਤੇ ਗੱਲਾਂ ਕਰਦੇ ਸੀ। ਹੁਣ ਮੈਂ ਪੁੱਤਰ ਨੂੰ ਕੀ ਜਵਾਬ ਦੇਵਾਂਗੀ। ਉਸ ਨੂੰ ਅਜੇ ਵੀ ਆਪਣੇ ਪਿਓ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੰਮੂ-ਕਸ਼ਮੀਰ 'ਚ ਜਵਾਨ ਹੀ ਕਿਉਂ ਸ਼ਹੀਦ ਹੁੰਦੇ ਹਨ। ਅਧਿਕਾਰੀ ਜਾਂ ਮੰਤਰੀ ਕਿਉਂ ਨਹੀਂ ਆਪਣੇ ਸੀਨੇ 'ਤੇ ਗੋਲੀ ਖਾਂਦੇ। ਉਸ ਦੀ ਪਤਨੀ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ।
ਜਾਣਕਾਰੀ ਮੁਤਾਬਕ ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਵੀਰਵਾਰ ਨੂੰ ਸੀ.ਆਰ.ਪੀ.ਐੱਫ ਕਾਫਲੇ 'ਤੇ ਅੱਤਵਾਦੀ ਹਮਲੇ ਦੀ ਖਬਰ ਆਈ ਤਾਂ ਸੁਰਜੀਤ ਕੌਰ ਜਲੰਧਰ ਸੀ.ਆਰ.ਪੀ.ਐੱਫ. ਕੁਆਟਰ 'ਚ ਆਪਣੇ 6 ਸਾਲ ਦੇ ਪੁੱਤਰ ਨੂੰ ਪੜ੍ਹਾ ਰਹੀ ਸੀ। ਪਤੀ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਦੇ ਹੀ ਸੱਸ-ਸਹੁਰੇ ਕੋਲ ਮੋਗਾ ਦੇ ਪਿੰਡ ਗਲੋਟੀ ਪਹੁੰਚੀ।
ਕਲਰਕ ਬਣ ਗਏ ਸੀ 9 ਮਹੀਨੇ ਬਾਅਦ ਪਹਿਲੀ ਵਾਰੀ ਬੱਸ ਲੈ ਕੇ ਗਏ ਸੀ
ਸੁਰਜੀਤ ਕੌਰ ਨੇ ਦੱਸਿਆ ਕਿ 9 ਮਹੀਨੇ ਪਹਿਲਾਂ ਵਿਭਾਗ ਨੇ ਪਤੀ ਜੈਮਲ ਨੂੰ ਹਵਲਦਾਰ ਦਾ ਰੈਂਕ ਦੇ ਕੇ ਆਫਿਸ 'ਚ ਕਲਰਕ ਲਗਾ ਦਿੱਤਾ ਸੀ। ਉਸ ਸਮੇਂ ਤੋਂ ਉਨ੍ਹਾਂ ਨੇ ਬੱਸ ਨਹੀਂ ਚਲਾਈ ਸੀ। 14 ਫਰਵਰੀ ਨੂੰ ਉਹ ਪਹਿਲੀ ਵਾਰ ਬੱਸ ਲੈ ਕੇ ਗਏ ਅਤੇ ਸ਼ਹੀਦ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ 8 ਵਜੇ ਪਤੀ ਨਾਲ ਫੋਨ 'ਤੇ ਗੱਲ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਤੇ ਬਾਜ਼ਾਰ ਜਾ ਰਿਹਾ ਹੈ। ਬਾਅਦ 'ਚ ਗੱਲ ਕਰਾਂਗਾ। ਫਿਰ ਸ਼ਾਮ 4 ਵਜੇ ਮੈਸੇਜ ਆਇਆ 'ਚ ਪਤੀ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਹੋਇਆ ਹੈ। ਰਾਤ 7 ਵਜੇ ਮੈਸੇਜ ਆਇਆ ਕਿ ਇਸ ਹਮਲੇ 'ਚ ਉਸ ਦਾ ਪਤੀ ਸ਼ਹੀਦ ਹੋ ਗਿਆ ਹੈ।
ਜਲੰਧਰ 'ਚ ਆਪਣੇ ਟਰਾਂਸਫਰ ਦੀ ਕੋਸ਼ਿਸ਼ ਕਰ ਰਹੇ ਸਨ
ਸੁਰਜੀਤ ਕੌਰ ਨੇ ਦੱਸਿਆ ਕਿ ਉਹ ਜਲੰਧਰ 'ਚ ਟਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਜਲੰਧਰ ਆਉਣ ਦੇ ਬਾਅਦ ਪ੍ਰੀ-ਮਚਿਊਰ ਰਿਟਾਇਰਮੈਂਟ ਲੈ ਕੇ ਬੱਚੇ ਦੇ ਭਵਿੱਖ 'ਤੇ ਧਿਆਨ ਦੇਣਗੇ।
ਭੈਣ ਬੋਲੀ-ਕਿਸ ਨੂੰ ਬੰਨ੍ਹਾਂਗੀ ਰੱਖੜੀ, ਕੋਈ ਮੇਰਾ ਵੀਰ ਵਾਪਸ ਕਰ ਦਿਓ
ਪਤਨੀ ਸੁਰਜੀਤ ਕੌਰ ਸੁੱਖੀ ਦਾ ਕਹਿਣਾ ਸੀ ਕਿ ਉਸ ਨੂੰ ਦੁਨੀਆ ਦੀ ਕੋਈ ਦੌਲਤ ਨਹੀਂ ਚਾਹੀਦੀ। ਉਸ ਨੂੰ ਉਸ ਦਾ ਪਤੀ ਵਾਪਸ ਕਰ ਦਿਓ। ਭੈਣ ਹਰਜਿੰਦਰ ਕੌਰ ਨੇ ਕਿਹਾ ਕਿ ਹੁਣ ਰੱਖੜੀ ਦੇ ਸਮੇਂ ਉਹ ਜੈਮਲ ਭਰਾ ਨੂੰ ਲੱਭਦੀ ਰਹੇਗੀ, ਉਹ ਨਹੀਂ ਆਵੇਗਾ। ਉਸ ਦੀ ਜੈਮਲ ਨਾਲ ਸਤੰਬਰ 2018 ਨੂੰ ਰੱਖੜੀ ਦੇ ਸਮੇਂ ਦੀ ਗੱਲ ਹੋਈ ਸੀ। ਉਸ ਦੀ ਭੈਣ ਨੇ ਕਿਹਾ ਕਿ ਉਹ ਹੁਣ ਰੱਖੜੀ ਕਿਸ ਨੂੰ ਬੰਨ੍ਹਾਂਗੀ, ਕੋਈ ਮੇਰਾ ਵੀਰ ਵਾਪਸ ਕਰ ਦਿਓ।